ਵਿਧਾਇਕ ਦੇ ਨਾਂ ‘ਤੇ ਸਬ ਇੰਸਪੈਕਟਰ ਨਾਲ ਠੱਗੀ! ਚਾਰ ਵਿਅਕਤੀਆਂ ’ਤੇ ਕੇਸ ਦਰਜ

ਨਾਭਾ ਵਿੱਚ ਬਰਖ਼ਾਸਤ ਸਬ ਇੰਸਪੈਕਟਰ ਨੂੰ ਬਹਾਲ ਕਰਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਠੱਗੀ ਮਾਰਨ ਦੇ ਇਲਜ਼ਾਮਾਂ ਹੇਠ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਨਾਭਾ ਕੋਤਵਾਲੀ ਵਿੱਚ ਬਰਖ਼ਾਸਤ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ ਵਿਭਾਗ ਨੇ 2019 ਵਿੱਚ ਦਰਜ ਕੀਤੇ ਇੱਕ ਕੇਸ ਵਿੱਚ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ 2021 ਵਿੱਚ ਐਸਐਸਪੀ ਪਟਿਆਲਾ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹਰਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਬੀਤੇ ਅਪ੍ਰੈਲ ਮਹੀਨੇ ਉਹ ਆਪਣੇ ਦੋਸਤ ਰਾਹੀਂ ਨਾਭਾ ਦੇ ਪਿੰਡ ਤੁੰਗਾਂ ਵਾਸੀ ਦਿਲਬਾਗ ਸਿੰਘ ਨੂੰ ਮਿਲਿਆ ਸੀ, ਜਿਸ ਨੇ ਖੁਦ ਨੂੰ ਵਿਧਾਇਕ ਗੁਰਿੰਦਰ ਸਿੰਘ ਦੀ ਮਾਸੀ ਦਾ ਮੁੰਡਾ ਦੱਸਦਿਆਂ ਉਸ ਨੂੰ ਨੌਕਰੀ ’ਤੇ ਬਹਾਲ ਕਰਵਾਉਣ ਦਾ ਦਾਅਵਾ ਕੀਤਾ ਸੀ।
ਸ਼ਿਕਾਇਤ ਅਨੁਸਾਰ ਮਈ ਮਹੀਨੇ ਵਿੱਚ ਦਿਲਬਾਗ ਸਿੰਘ ਨੇ ਪੰਜ ਲੱਖ ਰੁਪਏ ਲੈ ਕੇ ਹਰਜੀਤ ਨੂੰ ਸੈਕਟਰ-68 ਸਥਿਤ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਲਿਆਂਦਾ, ਜਿਥੇ ਉਸ ਨੂੰ ਮਨਦੀਪ ਸਿੰਘ ਮੈਂਡੀ, ਜਸਵੰਤ ਸਿੰਘ ਤੇ ਮਨਜੋਤ ਸਿੰਘ ਮਿਲੇ। ਮੈਂਡੀ ਦੀ ਪਛਾਣ ਵਿਧਾਇਕ ਦੇ ਭਤੀਜੇ ਵਜੋਂ ਕਰਵਾਈ ਗਈ। ਦਿਲਬਾਗ ਨੇ ਕਾਰ ’ਚ ਬੈਠ ਕੇ ਮੈਂਡੀ ਨੂੰ ਕੁਝ ਪੈਸੇ ਦਿੱਤੇ ਤੇ ਹਰਜੀਤ ਸਿੰਘ ਨੂੰ ਆਈਜੀ ਹੈੱਡਕੁਆਰਟਰ ਦੇ ਦਫ਼ਤਰ ਪੇਸ਼ ਕੀਤਾ।
ਜੂਨ ਮਹੀਨੇ ਕੰਮ ਮੁਕੰਮਲ ਹੋਣ ਦੀ ਗੱਲ ਕਹਿ ਕਿ ਦਿਲਬਾਗ਼ ਨੇ ਹਰਜੀਤ ਕੋਲੋਂ ਛੇ ਲੱਖ ਰੁਪਏ ਹੋਰ ਲੈ ਲਏ ਤੇ ਗਾਰੰਟੀ ਵਜੋਂ ਉਸ ਨੂੰ 11 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਅਗਸਤ ਮਹੀਨੇ ਹਰਜੀਤ ਦੀ ਅਪੀਲ ਖਾਰਜ ਹੋ ਗਈ ਤੇ ਚੈੱਕ ਵੀ ਬਾਊਂਸ ਹੋ ਗਿਆ। ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ’ਚੋਂ ਕਿਸੇ ਮੁਲਜ਼ਮ ਨੂੰ ਨਹੀਂ ਜਾਣਦੇ ਤੇ ਨਾ ਹੀ ਉਨ੍ਹਾਂ ਦੇ ਦਫ਼ਤਰ ’ਚ ਅਜਿਹੀ ਕੋਈ ਡੀਲ ਹੋਈ ਹੈ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਪੁੱਤਰ ਕੋਲ ਹਰੇ ਰੰਗ ਦੀ ਕਾਰ ਹੈ।
ਵਿਧਾਇਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਨਾਂ ਦਾ ਉਸ ਦਾ ਕੋਈ ਰਿਸ਼ਤੇਦਾਰ ਨਹੀਂ ਤੇ ਉਕਤ ਮੈਂਡੀ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਵੀ ਕਿਸੇ ਵਾਲੰਟੀਅਰ ਨਾਲ ਠੱਗੀ ਮਾਰੀ ਸੀ, ਜਿਸ ਸਬੰਧੀ ਕੇਸ ਦਰਜ ਕਰਵਾਇਆ ਗਿਆ ਸੀ। ਨਾਭਾ ਦੇ ਡੀਐਸਪੀ ਦੇਵਿੰਦਰ ਅੱਤਰੀ ਨੇ ਕਿਹਾ ਕਿ ਵਿਧਾਇਕਾਂ ਦਾ ਨਾਂ ਲੈ ਕੇ ਠੱਗੀਆਂ ਮਾਰਨ ਵਾਲੇ ਇਸ ਗਰੋਹ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਕਾਰ ਸਬੰਧੀ ਜਾਂਚ ਕੀਤੀ ਜਾਵੇਗੀ।