ਵਿਧਾਇਕ ਜੋਗਿੰਦਰ ਪਾਲ ਨੇ ਕਾਂਗਰਸ ਨੂੰ ਫਸਾਇਆ ਕਸੂਤਾ, ਅਕਾਲੀ ਦਲ ਨੇ ਵਿੱਢੀ ਮੁਹਿੰਮ

ਕਾਂਗਰਸੀ ਵਿਧਾਇਕ ਜੋਗਿੰਦਰਪਾਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ‘ਤੇ ਅਕਾਲੀ ਦਲ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਹਨਾਂ ਵੱਲੋਂ ਸਰਕਾਰ ਖਿਲਾਫ਼ “ਤੂੰ ਕੀ ਕੀਤਾ” ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਨੌਜਵਾਨ ਵੱਲੋਂ ਕਾਂਗਰਸੀ ਵਿਧਾਇਕ ਨੂੰ “ਤੂੰ ਕੀ ਕੀਤਾ” ਸਵਾਲ ਪੁੱਛਣ ‘ਤੇ ਵਿਧਾਇਕ ਵੱਲੋਂ ਥੱਪੜ ਮਾਰਨ ਦੀ ਘਟਨਾ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ।

ਸੁਖਬੀਰ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ, “ਭੋਆ ਤੋਂ ਕਾਂਗਰਸੀ ਵਿਧਾਇਕ ਨੇ ਇੱਕ ਵਿਅਕਤੀ ਦੇ ਸਿਰਫ਼ ਇਸ ਲਈ ਥੱਪੜ੍ਹ ਜੜ੍ਹ ਦਿੱਤਾ ਕਿਉਂ ਕਿ ਉਸ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਦਿਆਂ ਉਸ ਨੂੰ ਇਹ ਪੁੱਛਣ ਦੀ ਹਿਮਾਕਤ ਕਰ ਦਿੱਤੀ ਕਿ, ‘ਤੂੰ ਕੀ ਕੀਤਾ?” ਮੈਂ ਉਸ ਵਿਅਕਤੀ ਦਾ ਸਮਰਥਨ ਕਰਦਿਆਂ ਚਰਨਜੀਤ ਚੰਨੀ ਅਤੇ ਕਾਂਗਰਸ ਨੂੰ ਆਖਦਾ ਹਾਂ ਕਿ ਉਹ ਲੋਕਾਂ ਨੂੰ ਦੱਸਣ ਕਿ 2017 ‘ਚ ਕੀਤੇ ਵਾਅਦਿਆਂ ਦਾ ਕੀ ਬਣਿਆ?
ਪਿਛਲੇ ਪੰਜਾਂ ਸਾਲਾਂ ‘ਚ ਤੁਸੀਂ ਪੰਜਾਬ ਦਾ ਕੀ ਸੁਆਰਿਆ? ਅੱਜ ਮੈਂ ਵੀ ਪੁੱਛਦਾ ਹਾਂ ਕਿ ‘ਤੂੰ ਕੀ ਕੀਤਾ?’ ਜੀ ਹਾਂ ਦਅਰਸਲ ਇਹ ਪੋਸਟ ਸਾਂਝੀ ਕਰਕੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਵੀ ਇਸ ਥੱਪੜ ਕਾਂਡ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।
ਉਹਨਾਂ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਲਿਖਿਆ ਕਿ, ਇੱਕ ਸੱਭਿਅਕ ਅਤੇ ਜਮਹੂਰੀ ਸਮਾਜ ਵਿੱਚ ਇਹ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ! ਕਾਂਗਰਸ ਪਾਰਟੀ ਦੇ ਵਾਅਦੇ ਅਨੁਸਾਰ ਨੌਕਰੀ ਦੇ ਅਧਿਕਾਰ ਦੀ ਮੰਗ ਕਰ ਰਹੇ ਐੱਸਸੀ ਨੌਜਵਾਨ ‘ਤੇ ਹਮਲਾ ਕਰਨ ਅਤੇ ਉਸਦੀ ਕੁੱਟਮਾਰ ਕਰਨ ਲਈ ਪੰਜਾਬ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ‘ਤੇ ਮਾਮਲਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਜੇ ਮੁੱਖ ਮੰਤਰੀ ਕਾਰਵਾਈ ਦਾ ਆਦੇਸ਼ ਨਹੀਂ ਦਿੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਜੋਗਿੰਦਰਪਾਲ ਦਾ ਘਿਰਾਓ ਕਰੇਗਾ ਅਤੇ ਉਸ ਨੂੰ ਸਖ਼ਤ ਸਜ਼ਾ ਦਿਵਾਏਗਾ। ਅਕਾਲੀ ਦਲ ਨੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਉਹਨਾਂ ਵੱਲੋਂ ਟਵਿੱਟਰ ‘ਤੇ “ਤੂੰ ਕੀ ਕੀਤਾ” ਮਹਿੰਮ ਸ਼ੁਰੂ ਕਰ ਦਿੱਤ ਗਈ ਹੈ।
ਦੱਸ ਦਈਏ ਕਿ 19 ਅਕਤੂਬਰ ਦੀ ਰਾਤ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਇੱਕ ਨੌਜਵਾਨ ਵੱਲੋਂ ਜਦੋਂ ਜੋਗਿੰਦਰ ਪਾਲ ਨੂੰ ਸਵਾਲ ਪੁੱਛਿਆ ਗਿਆ ਕਿ, “ਤੂੰ ਕੀ ਕੀਤਾ” ਤਾਂ ਕਾਂਗਰਸੀ ਵਿਧਾਇਕ ਸਣੇ ਪੁਲਿਸ ਮੁਲਾਜ਼ਮਾਂ ਵੱਲੋਂ 17 ਸਾਲਾਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਫਿਲਹਾਲ ਇਸ ਮਾਮਲੇ ‘ਚ ਕਾਂਗਰਸੀ ਵਿਧਾਇਕ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।
