ਵਿਧਾਇਕ ਗਿਆਸਪੁਰਾ ਨੇ ਦੁਕਾਨ ‘ਤੇ ਅਚਾਨਕ ਮਾਰਿਆ ਛਾਪਾ, ਚਾਈਨਾ ਡੋਰ ਕੀਤੀ ਬਰਾਮਦ

ਪਾਇਲ ਦੇ ਮਲੌਦ ਕਸਬਾ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਤੰਗਾਂ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਦੁਕਾਨ ’ਚੋਂ ਚਾਈਨਾ ਡੋਰ ਬਰਾਮਦ ਕੀਤੀ ਹੈ। ਵਿਧਾਇਕ ਨੇ ਖੰਨਾ ਦੇ ਐਸਐਸਪੀ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ।
ਵਿਧਾਇਕ ਨੇ ਪੁਲਿਸ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਚਾਈਨਾ ਡੋਰ ਵਿਕਣ ਦੇ ਇਲਜ਼ਾਮ ਲਾਏ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੋਂ ਖੰਨਾ ਵਿੱਚ ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਲਾਇਆ ਗਿਆ ਹੈ, ਉਦੋਂ ਤੋਂ ਨਸ਼ੇ ਸਮੇਤ ਹੋਰ ਗ਼ੈਰ ਕਾਨੂੰਨੀ ਧੰਦੇ ਵੱਧ ਗਏ ਹਨ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਲਾਕੇ ਵਿੱਚ ਸ਼ਰੇਆਮ ਚਾਈਨਾ ਡੋਰ ਵਿਕ ਰਹੀ ਹੈ। ਉਹਨਾਂ ਨੇ ਪਹਿਲਾਂ ਐਸਐਸਪੀ ਨੂੰ ਇਸ ਬਾਰੇ ਸੂਚਨਾ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਉਹ ਖ਼ੁਦ ਤਹਿਸੀਲਦਾਰ ਨੂੰ ਨਾਲ ਲੈ ਕੇ ਦੁਕਾਨਦਾਰ ’ਤੇ ਛਾਪੇਮਾਰੀ ਕਰਨ ਗਏ, ਜਿੱਥੋਂ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ।