ਵਿਦਿਆਰਥੀਆਂ ਨੇ ਸ਼ਰਾਬ ਦੇ ਠੇਕਿਆਂ ਅੱਗੇ ਲਾਈਆਂ ਜਮਾਤਾਂ

ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਸਕੂਲ ਬੰਦ ਕੀਤੇ ਹੋਏ ਹਨ। ਇਸ ਨੂੰ ਲੈ ਕੇ ਵਿਦਿਆਰਥੀ ਅਤੇ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਫ਼ਰੀਦਕੋਟ ਵਿੱਚ ਸ਼ਰਾਬ ਠੇਕੇ ਦੇ ਅੱਗੇ ਮਾਪਿਆਂ ਅਤੇ ਬੱਚਿਆਂ ਨਾਲ ਰਲ ਕੇ ਧਰਨਾ ਲਾਇਆ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਲਈ ਕਲਾਸ ਲਾਈ ਗਈ।

ਉਹਨਾਂ ਦਾ ਕਹਿਣਾ ਹੈ ਕਿ ਸਕੂਲ ਕਾਲਜ ਬੰਦ ਹੋਣ ਕਾਰਨ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੇ ਸਰਕਾਰ ਜਲਦ ਸਕੂਲ ਨਹੀਂ ਖੋਲ੍ਹੇਗੀ ਤਾਂ ਉਹਨਾਂ ਵੱਲੋਂ ਫ਼ਰੀਦਕੋਟ ਦੇ ਹਰੇਕ ਠੇਕੇ ਅੱਗੇ ਕਲਾਸਾਂ ਲਾਈਆਂ ਜਾਣਗੀਆਂ ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਸਕੂਲੀ ਬੱਚੇ ਨੈਸ਼ਨਲ ਖਿਡਾਰੀ ਮੋਹਸਿਨ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਨਾਲ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲ ਜਲਦ ਖੋਲ੍ਹੇ ਜਾਣ ਤਾਂ ਜੋ ਉਹ ਪੜ੍ਹਾਈ ਕਰ ਸਕਣ।
ਉਹਨਾਂ ਸਰਕਾਰ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਸਿਰਫ਼ ਡਰਾਮਾ ਕਰ ਰਹੀ ਹੈ ਅਤੇ ਰੈਲੀਆਂ ਕਰ ਰਹੀ ਹੈ। ਸਕੂਲ ਬੰਦ ਕਰਨ ਨਾਲ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੁੰਦਾ ਹੈ। ਸਕੂਲਾਂ ਵੱਲੋਂ ਲਗਾਤਾਰ ਫ਼ੀਸਾਂ ਵੀ ਲਈਆਂ ਜਾ ਰਹੀਆਂ ਹਨ। ਇਸ ਲਈ ਉਹ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਸਕੂਲ ਖੋਲ੍ਹੇ ਜਾਣ।
