ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿਧਾਇਕ ਜਲਾਲਪੁਰ ਦੀਆਂ ਕੋਠੀਆਂ ਦੀ ਫੀਤਿਆਂ ਨਾਲ ਹੋ ਰਹੀ ਪੈਮਾਇਸ਼

ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਛਾਪੇਮਾਰੀ ਕੀਤੀ ਹੈ। ਜਲਾਲਪੁਰ ਦੀਆਂ ਕੋਠੀਆਂ ਦੀ ਫੀਤਿਆਂ ਨਾਲ ਪੈਮਾਇਸ਼ ਕੀਤੀ ਜਾ ਰਹੀ ਹੈ। ਖ਼ਬਰਾਂ ਇਹ ਹਨ ਕਿ ਵਿਜੀਲੈਂਸ ਬਿਊਰੋ ਜਲਾਲਪੁਰ ਖਿਲਾਫ਼ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਵਿਧਾਇਕ ਜਲਾਲਪੁਰ ਕਾਂਗਰਸ ਸਰਕਾਰ ਵੇਲੇ ਕਾਫ਼ੀ ਚਰਚਾ ਵਿੱਚ ਰਹੇ ਸੀ।
ਵਿਜੀਲੈਂਸ ਦੀ 10 ਮੈਂਬਰੀ ਟੀਮ ਰਾਜਪੁਰਾ ਰੋਡ ’ਤੇ ਪਿੰਡ ਜਲਾਲਪੁਰ ਸਥਿਤ ਘਰ ਪੁੱਜੀ। ਇਸ ਦੌਰਾਨ ਜਲਾਲਪੁਰ ਖ਼ੁਦ ਘਰ ਨਹੀਂ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਹ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ। ਜਲਾਲਪੁਰ ਦੇ ਪੁੱਤਰ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਜੌਲੀ ਜਲਾਲਪੁਰ ਘਰ ਵਿਚ ਹੀ ਸਨ।
ਵਿਜੀਲੈਂਸ ਟੀਮ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਨਹੀਂ ਆਖਿਆ। ਟੀਮ ਨੇ ਪਹਿਲਾਂ ਜਲਾਲਪੁਰ ਪਰਿਵਾਰ ਦੀ ਪਿੰਡੋਂ ਬਾਹਰ ਸਥਿਤ ਵੱਡ ਆਕਾਰੀ ਕੋਠੀ ਦੀ ਪੈਮਾਇਸ਼ ਕੀਤੀ। ਫਿਰ ਤਿੰਨ ਤੋਂ ਛੇ ਵਜੇ ਤੱਕ ਕਾਂਗਰਸ ਆਗੂ ਦੀ ਪਿੰਡ ਵਿਚਲੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਵੱਲੋਂ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਹੀ ਪੈਮਾਇਸ਼ ਕੀਤੀ ਜਾ ਰਹੀ ਹੈ।
ਇਹ ਮੁੱਢਲੀ ਪੜਤਾਲ ਦਾ ਹਿੱਸਾ ਹੈ। ਅਧਿਕਾਰੀ ਅਨੁਸਾਰ ਟੈਕਨੀਕਲ ਟੀਮ ਦੇ ਮੈਂਬਰਾਂ ਵੱਲੋਂ ਪੈਮਾਇਸ਼ ਦੇ ਹਿਸਾਬ ਨਾਲ਼ ਕੋਠੀਆਂ ’ਤੇ ਕੀਤੇ ਖ਼ਰਚ ਦਾ ਅਨੁਮਾਨ ਲਾਇਆ ਜਾਵੇਗਾ, ਅਤੇ ਇਸ ਤੋਂ ਬਾਅਦ ਸਾਬਕਾ ਵਿਧਾਇਕ ਤੋਂ ਪੜਤਾਲ ਕੀਤੀ ਜਾਵੇਗੀ।