ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਸੇਵਾਦਾਰ ਰੰਗੇ ਹੱਥੀਂ ਕੀਤਾ ਕਾਬੂ

 ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਸੇਵਾਦਾਰ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਦਫ਼ਤਰ ਏਡੀਏ ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇੱਕ ਸੇਵਾਦਾਰ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਵਿੱਚ ਫਰਾਰ ਸਹਿ ਮੁਲਜ਼ਮ ਵਿਜੈਪਾਲ ਸਿੰਘ, ਐਸਡੀਓ ਪੁੱਡਾ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਸਡੀਓ ਪੁੱਡਾ ਦੇ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਸੋਰਭ ਭਾਟੀਆ ਵਾਸੀ ਸੁਸ਼ਾਂਤ ਲੋਕ, ਗੁਰੂਗ੍ਰਾਮ, ਹਰਿਆਣਾ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਿੱਤੀ ਹੈ। ਉਹਨਾਂ ਸ਼ਿਕਾਇਤ ਵਿੱਚ ਕਿਹਾ ਕਿ ਨਿਊ ਪਾਲ ਐਵੀਨਿਊ, ਅੰਮ੍ਰਿਤਸਰ ਸਥਿਤ ਉਸ ਦੇ ਇੱਕ ਪਲਾਟ ਨੂੰ ਵੇਚਣ ਸਬੰਧੀ ਕੋਈ ਇਤਰਾਜ਼ ਨਹੀਂ ਜਾਰੀ ਕਰਨ ਬਦਲੇ ਉਕਤ ਐਸਡੀਓ ਉਸ ਕੋਲੋਂ 12,000 ਰੁਪਏ ਰਿਸ਼ਵਤ ਮੰਗ ਰਿਹਾ ਹੈ।

ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਏਡੀਏ, ਪੁੱਡਾ ਭਵਨ, ਅੰਮ੍ਰਿਤਸਰ ਦਫ਼ਤਰ ਦੇ ਬਾਹਰ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਉਕਤ ਮੁੱਦਈ ਪਾਸੋਂ ਉਸ ਦਾ ਕੰਮ ਕਰਵਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਐਸਡੀਓ ਮੌਕੇ ਤੇ ਹਾਜ਼ਰ ਨਾ ਹੋਣ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਜਿਸ ਦੀ ਗ੍ਰਿਫ਼ਤਾਰੀ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.