ਵਿਜੀਲੈਂਸ ਜਾਂਚ ‘ਚ ਘਿਰੇ ਵਿਧਾਇਕ ਪਾਹੜਾ ਨੂੰ ਸਲੂਟ ਮਾਰਨ ਵਾਲੇ ਡੀਐੱਸਪੀ ’ਤੇ ਕਾਰਵਾਈ, ਕੀਤਾ ਗਿਆ ਤਬਾਦਲਾ

ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਦਫ਼ਤਰ ਵਿੱਚ ਉਹਨਾਂ ਦੀ ਪੇਸ਼ੀ ਦੌਰਾਨ ਸਲੂਟ ਮਾਰਨ ਵਾਲੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਨਿਰਮਲ ਸਿੰਘ ਦਾ ਤਬਾਦਲਾ ਸੰਗਰੂਰ ਵਿੱਚ ਕਰ ਦਿੱਤਾ ਗਿਆ ਹੈ। ਇਸ ਸਬੰਧੀ ਉਹਨਾਂ ਕਿਹਾ ਕਿ ਉਹਨਾਂ ਦਾ ਤਬਾਦਲਾ ਰੁਟੀਨ ਵਿੱਚ ਕੀਤਾ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ, ਅੱਜ ਉਹਨਾਂ ਨੇ ਸੰਗਰੂਰ ਵਿਖੇ ਜੁਆਇਨ ਕਰ ਲਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਰ ਵੀ ਕਈ ਵਿਜੀਲੈਂਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਦੂਜੇ ਪਾਸੇ ਜਦੋਂ ਇਸ ਬਾਰੇ ਐਸਪੀ ਵਿਜੀਲੈਂਸ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਡੀਐਸਪੀ ਨਿਰਮਲ ਸਿੰਘ ਦੀ ਥਾਂ ਤੇ ਡੀਐਸਪੀ ਯੋਗੇਸ਼ਵਰ ਜੋ ਪਠਾਨਕੋਟ ਵਿਖੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਦੇ ਤੌਰ ਤੇ ਵੀ ਕੰਮ ਕਰ ਰਹੇ ਹਨ, ਨੂੰ ਗੁਰਦਾਸਪੁਰ ਦੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਦੇ ਤੌਰ ਤੇ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਦੱਸ ਦਈਏ ਕਿ ਡੀਐਸਪੀ ਨਿਰਮਲ ਸਿੰਘ ਉਸ ਸਮੇਂ ਚਰਚਾ ਵਿੱਚ ਆਏ ਸਨ ਜਦ ਉਹਨਾਂ ਨੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਵਿਭਾਗ ਵੱਲੋਂ ਸੰਮਨ ਭੇਜ ਕੇ ਜਾਂਚ ਦੇ ਸਿਲਸਿਲੇ ਵਿੱਚ ਬੁਲਾਇਆ ਸੀ ਤਾਂ ਉਸ ਸਮੇਂ ਡੀਐਸਪੀ ਨਿਰਮਲ ਸਿੰਘ ਵੱਲੋਂ ਵਿਧਾਇਕ ਨੂੰ ਖੜੇ ਹੋ ਕੇ ਸਲੂਟ ਮਾਰਿਆ ਗਿਆ ਸੀ। ਇਸ ਘਟਨ ਦੀ ਵੀਡੀਓ ਵੀ ਵਾਇਰਲ ਹੋਈ ਸੀ। ਉਸ ਸਮੇਂ ਇਹ ਸਵਾਲ ਉੱਠਿਆ ਸੀ ਕਿ ਜਾਂਚ ਲਈ ਆਏ ਵਿਧਾਇਕ ਨੂੰ ਵਿਭਾਗ ਦੇ ਡੀਐਸਪੀ ਵੱਲੋਂ ਸਲੂਟ ਮਾਰਨਾ ਜਾਇਜ਼ ਹੈ?