ਵਿਜੀਲੈਂਸ ਐਕਸ਼ਨ ਸਬੰਧੀ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਬਿਆਨ, ਮੈਨੂੰ ਵਿਜੀਲੈਂਸ ਨੇ ਕੋਈ ਨੋਟਿਸ ਨਹੀਂ ਭੇਜਿਆ

ਵਿਜੀਲੈਂਸ ਬਿਊਰੋ ਦੀ ਜਾਂਚ ਸੰਬੰਧੀ ਚੱਲ ਰਹੀਆਂ ਖ਼ਬਰਾਂ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਨੂੰ ਵਿਜੀਲੈਂਸ ਦਾ ਕੋਈ ਵੀ ਨੋਟਿਸ ਨਹੀਂ ਆਇਆ। ਇੱਥੇ ਹਰ ਇਨਸਾਨ ਨੂੰ ਤਰੱਕੀ ਕਰਨ ਦਾ ਹੱਕ ਹੈ।
ਸਿੱਧੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਇਲਾਕੇ ਦੀ ਸੇਵਾ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਇਕ ਪੈਸਾ ਦੇ ਵੀ ਭ੍ਰਿਸ਼ਟਾਚਾਰ ਸੰਬੰਧੀ ਉਨ੍ਹਾਂ ਖ਼ਿਲਾਫ਼ ਸਬੂਤ ਦੇਵੇ ਤਾਂ ਉਹ ਦੇਣਦਾਰ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ।
ਉਹਨਾਂ ਕਿਹਾ ਕਿ ਉਹ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਅਤੇ ਕੋਈ ਨਜਾਇਜ਼ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਨੂੰ ਖ਼ਬਰਾਂ ਲਗਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਰਾਬਤਾ ਕਰਕੇ ਗੱਲ ਕਰ ਲੈਣੀ ਚਾਹੀਦੀ ਸੀ ਪਰ ਅਜਿਹਾ ਨਾ ਹੋਣ ਕਾਰਨ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚੀ ਹੈ।