ਤਰਨਤਾਰਨ: ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਧੀ ਨੂੰ ਸਹੁਰੇ ਘਰ ‘ਚ ਸੁੱਖੀ ਦੇਖਣ, ਪਰ ਜਦੋਂ ਅਚਾਨਕ ਦੋ ਮਹੀਨੇ ਪਹਿਲਾਂ ਵਿਆਹੀ ਧੀ ਨੂੰ ਸੰਗਲਾਂ ਨਾਲ ਬੰਨਣਾ ਪੈ ਜਾਵੇ ਤਾਂ ਉਸ ਦੇ ਮਾਤਾ ਪਿਤਾ ਹੀ ਜਾਣਦੇ ਹਨ ਕਿ ਉਹਨਾਂ ਦੇ ਦਿਲ ‘ਤੇ ਕੀ ਬੀਤ ਦੀ ਹੈ। ਜੀ ਹਾਂ ਇੱਕ ਅਜਿਹਾ ਹੀ ਮਾਮਲਾ ਤਰਨਤਾਰਨ ਦੇ ਪਿੰਡ ਘਰਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਪਰਿਵਾਰ ਰੱਬ ਦੀ ਕਰੋਪੀ ਦਾ ਸ਼ਿਕਾਰ ਬਣਿਆ ਹੋਇਆ ਹੈ।
ਗ਼ਰੀਬੀ ਕਾਰਣ ਉਸ ਪਰਿਵਾਰ ਦੀ ਜਵਾਨ ਧੀ ਵੀਰਪਾਲ ਕੌਰ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦੀ ਸ਼ਿਕਾਰ ਹੋ ਗਈ ਸੀ ਅਤੇ ਉਸ ਨੂੰ 3 ਸਾਲ ਤੋਂ ਸੰਗਲਾਂ ਨਾਲ ਬੰਨ ਕੇ ਰੱਖਿਆ ਜਾ ਰਿਹਾ। ਉਧਰ ਵੀਰਪਾਲ ਦੇ ਪਿਤਾ ਨੇ ਦੱਸਿਆ ਕਿਹਾ ਕਿ ਚਾਵਾਂ ਨਾਲ ਤਿੰਨ ਸਾਲ ਪਹਿਲਾਂ ਵਿਆਹੀ ਧੀ ਵੀਰਪਾਲ ਕੌਰ ਦਾ ਵਿਆਹ ਅੰਮ੍ਰਿਤਸਰ ‘ਚ ਕੀਤਾ ਗਿਆ ਸੀ ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸ ਦੀ ਧੀ ਮੰਦਬੁੱਧੀ ਦੀ ਸ਼ਿਕਾਰ ਹੋ ਗਈ ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਘਰ ਵਾਪਸ ਛੱਡ ਗਏ।
ਉੱਥੇ ਹੀ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਕਦੀ ਕਦਾਈਂ ਜਦੋਂ ਆਪਣੀ ਲੜਕੀ ਦੇ ਸੰਗਲ ਖੋਲਦੇ ਹਨ ਤਾਂ ਉਹ ਭੱਜ ਜਾਂਦੀ ਹੈ ਫਿਰ ਉਸ ਨੂੰ ਲੱਭ ਕੇ ਲਿਆਉਣਾ ਪੈਂਦਾ ਹੈ।ਇੰਨਾ ਹੀ ਨਹੀਂ ਉਹਨਾਂ ਇਹ ਵੀ ਕਿਹਾ ਕਿ ਪੀੜਤ ਲੜਕੀ ਦੇ ਇਲਾਜ ਲਈ ਉਹ ਦਰਦਰ ਦੀਆਂ ਠੋਕਰਾਂ ਖਾਣ ‘ਤੇ ਮਜਬੂਰ ਹੋਏ ਪਏ ਨੇ ਅਤੇ ਗਰੀਬੀ ਕਾਰਨ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਦੱਸ ਦਈਏ ਕਿ ਪੀੜਤ ਲੜਕੀ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮੱਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਜੋ ਮੰਦਬੁੱਧੀ ਦੀ ਸ਼ਿਕਾਰ ਹੋਈ ਲੜਕੀ ਦੇ ਇਲਾਜ਼ ਕਰਵਾਇਆ ਜਾ ਸਕੇ।
