ਵਿਆਹਾਂ ‘ਚ ਛਾਪੇ ਤਾਂ ਵੱਜਦੇ ਨੇ, ਕੀ 50 ਬੰਦਿਆਂ ਦਾ ਇਕੱਠ ਕਰਨ ਵਾਲੇ ਸਿਆਸੀ ਲੀਡਰ ‘ਤੇ ਪੁਲਿਸ ਕਰੇਗੀ ਕਾਰਵਾਈ?

ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਪੰਜਾਬ ਅੰਦਰ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਵੀਕੈਂਡ ਕਰਫਿਉ ਵੀ ਲਾਇਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਵਿਆਹ ਸਮਾਗਮਾਂ ‘ਚ ਜਾ ਕੇ ਰੇਡ ਮਾਰੀ ਜਾ ਰਹੀ ਹੈ ਅਤੇ ਜਿੱਥੇ 20 ਤੋਂ ਜ਼ਿਆਦਾ ਬੰਦਿਆਂ ਦਾ ਇਕੱਠ ਹੁੰਦਾ ਹੈ ਉੁਹਨਾਂ ਖਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਅਜਿਹੇ ‘ਚ ਸਮਰਾਲਾ ਦੇ ਇੱਕ ਮੈਰਿਜ ਪੈਲੇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਵਿਆਹ ਨਹੀਂ ਸਗੋਂ ਇੱਥੋਂ ਦੇ ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੈਰਿਜ ਪੈਲੇਸ ਅੰਦਰ ਭਾਰੀ ਇਕੱਠ ਕੀਤਾ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਪਰਮਜੀਤ ਸਿੰਘ ਢਿੱਲੋਂ ਨੂੰ ਥਾਪੜਾ ਦੇ ਕੇ ਸਮਰਾਲਾ ਦੀ ਕਮਾਨ ਸੰਭਾਲੀ ਤਾਂ ਇੱਥੋਂ ਟਿਕਟ ਦੀ ਮੰਗ ਕਰ ਰਹੇ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ।
ਖੀਰਨੀਆਂ ਨੇ ਸਾਬਕਾ ਨਗਰ ਕੌਂਸਲ ਪ੍ਰਧਾਨ ਮੰਗਤ ਰਾਏ ਦੇ ਮਾਲਵਾ ਰਿਜੋਰਟ ਵਿੱਚ ਵੀਕੈਂਡ ਕਰਫਿਉ ਦੇ ਬਾਵਜ਼ੂਦ ਭਾਰੀ ਇਕੱਠ ਕੀਤਾ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਕੋਈ ਧੱਜੀਆਂ ਨਹੀਂ ਉਡਾਈਆਂ ਗਈਆਂ।
ਇਸ ਮਾਮਲੇ ‘ਤੇ ਜਦੋਂ ਪੱਤਰਕਾਰਾਂ ਨੇ ਰਿਜ਼ੋਰਟ ਦੇ ਮਾਲਕ ਮੰਗਤ ਰਾਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਲੋਕ ਆਪ ਮੁਹਾਰੇ ਵਿਰੋਧ ‘ਚ ਸ਼ਾਮਿਲ ਹੋਣ ਲਈ ਪਹੁੰਚ ਗਏ ਅਤੇ ਉਹਨਾਂ ਵੱਲੋਂ ਇੰਨੇ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਉਥੇ ਹੀ ਆਮ ਲੋਕਾਂ ਦੇ ਚਾਲਾਨ ਕੱਟਣ ਅਤੇ ਦੁਕਾਨਦਾਰਾਂ ਖਿਲਾਫ ਮੁਕੱਦਮੇ ਦਰਜ ਕਰਨ ਵਾਲੀ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।
ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਇਹ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਦੁਕਾਨਦਾਰਾਂ ਖਿਲਾਫ ਪੁਲਸ ਆਪ ਮੁਹਾਰੇ ਮੁਕੱਦਮੇ ਦਰਜ ਕਰਦੀ ਹੈ ਉਦੋਂ ਸ਼ਿਕਾਇਤ ਕੌਣ ਕਰਦਾ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਆਏ ਦਿਨ ਦੁਕਾਨਦਾਰਾਂ ਦੀਆਂ ਨਾਈਟ ਕਰਫਿਊ ਸਮੇਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ ਅਤੇ ਵਿਆਹਾਂ ਦੇ ਸਮਾਗਮਾਂ ‘ਚ ਪਹੁੰਚ ਕੇ ਰੇਡ ਮਾਰੀ ਜਾਂਦੀ ਹੈ। ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਪਰ ਅਜਿਹੇ ਸਿਆਸੀ ਲੀਡਰਾਂ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।
