ਵਿਅਕਤੀ ਨਕਲੀ ਡੀਐਸਪੀ ਬਣਕੇ ਨੌਜਵਾਨਾਂ ਦੀ ਕਰਵਾਉਂਦਾ ਸੀ ਭਰਤੀ, ਆਇਆ ਪੁਲਿਸ ਅੜਿੱਕੇ

 ਵਿਅਕਤੀ ਨਕਲੀ ਡੀਐਸਪੀ ਬਣਕੇ ਨੌਜਵਾਨਾਂ ਦੀ ਕਰਵਾਉਂਦਾ ਸੀ ਭਰਤੀ, ਆਇਆ ਪੁਲਿਸ ਅੜਿੱਕੇ

ਪੰਜਾਬ ਵਿੱਚ ਪੁਲਿਸ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ, ਉੱਥੇ ਹੀ ਫਰਜੀ ਪੁਲਿਸ ਅਧਿਕਾਰੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਵਾਉਣ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ। ਅਜਿਹੇ ਹੀ ਇੱਕ ਫਰਜ਼ੀ ਪੁਲਿਸ ਅਧਿਕਾਰੀ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਠੱਗ ਫਰਜੀ ਡੀਐਸਪੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਝਾਂਸਾ ਦਿੰਦਾ ਸੀ।

ਨਕਲੀ ਡੀਐਸਪੀ ਕੋਲੋਂ ਵਰਦੀ ਅਤੇ ਆਈ-ਕਾਰਡ ਵੀ ਮਿਲੇ ਹਨ। ਇਸ ਠੱਗ ਨੇ ਮਾਛੀਵਾੜਾ ਸਾਹਿਬ ਦੇ 6 ਨੌਜਵਾਨਾਂ ਨੂੰ ਪੁਲਿਸ ਵਿੱਚ ਕਾਂਸਟੇਬਲ ਭਰਤੀ ਕਰਵਾਉਣ ਬਦਲੇ ਕਰੀਬ 3 ਲੱਖ ਰੁਪਏ ਵਸੂਲੇ। ਹਰੇਕ ਨੌਜਵਾਨ ਨਾਲ 3 ਲੱਖ ਰੁਪਏ ਪ੍ਰਤੀ ਉਮੀਦਵਾਰ ਗੱਲਬਾਤ ਤੈਅ ਹੋਈ ਸੀ। ਇੱਥੋਂ ਤੱਕ ਕਿ ਫਰਜ਼ੀ ਨਿਯੁਕਤੀ ਪੱਤਰ ਅਤੇ ਪੀਐਮਟੀ ਸਲਿੱਪਾਂ ਵੀ ਦਿੱਤੀਆਂ ਹਨ।

ਖੰਨਾ ਦੀ ਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਕੋਲ ਕੁੱਝ ਨੌਜਵਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਨੌਜਵਾਨਾਂ ਨੂੰ ਦੀਪਪ੍ਰੀਤ ਸਿੰਘ ਉਰਫ ਚੀਨੂ ਵਾਸੀ ਇੰਦਰਪੁਰੀ ਮੁਹੱਲਾ ਖੰਨਾ ਨੇ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਸੀ।

ਦੀਪਪ੍ਰੀਤ ਖੁਦ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦੱਸਦਾ ਸੀ ਅਤੇ ਆਪਣੀ ਤੈਨਾਤੀ ਸੀਆਈਏ ਸਟਾਫ਼ ਖੰਨਾ ਦੀ ਦੱਸਦਾ ਸੀ। ਪੁਲਿਸ ਨੇ ਦੀਪਪ੍ਰੀਤ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਕਬਜ਼ੇ ਵਿੱਚੋਂ ਡੀਐਸਪੀ ਚੈਂਕ ਦੀ ਵਰਦੀ, ਜਾਅਲੀ ਪਛਾਣ ਪੱਤਰ ਅਤੇ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਐਸਪੀ ਡਾ. ਜੈਨ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਜੋ ਵੀ ਵਿਅਕਤੀ ਸ਼ਾਮਲ ਹੋਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.