‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਬਿਆਨ, ’27 ਸਤੰਬਰ ਨੂੰ ਬੰਦ ਨਹੀਂ ਹੋਏਗਾ ਪੰਜਾਬ’

 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਬਿਆਨ, ’27 ਸਤੰਬਰ ਨੂੰ ਬੰਦ ਨਹੀਂ ਹੋਏਗਾ ਪੰਜਾਬ’

ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਕਿ 27 ਸਤੰਬਰ ਨੂੰ ਪੰਜਾਬ ਬੰਦ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਈਸਾਈ ਆਗੂਆਂ ਵੱਲੋਂ 27 ਸਤੰਬਰ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਆਧਾਰਹੀਣ ਹੈ। ਇਸ ਲਈ ਪੰਜਾਬ ਬੰਦ ਨਹੀਂ ਹੋਵੇਗਾ। ਅੰਮ੍ਰਿਤਪਾਲ ਸਿੰਘ ਐਤਵਾਰ ਨੂੰ ਵੱਡੀ ਗਿਣਤੀ ਨੌਜਵਾਨਾਂ ਤੇ ਬੀਬੀਆਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸੀ।

ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਸਾਈ ਧਰਮ ਨਾਲ ਸਬੰਧਤ ਪੂਰੇ ਸੰਸਾਰ ਵਿੱਚ ਬਹੁਤ ਜ਼ਿਆਦਾ ਦੇਸ਼ ਹਨ ਪਰ ਸਿੱਖਾਂ ਲਈ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿਸ ਨੂੰ ਉਹ ਸਹੀ ਮਾਅਨਿਆਂ ਵਿੱਚ ਆਪਣਾ ਕਹਿ ਸਕਦੇ ਹਨ, ਇਸ ਲਈ ਇੱਥੇ ਕਿਸੇ ਦੀ ਵੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਉਹਨਾਂ ਇਲਜ਼ਾਮ ਲਾਇਆ ਕਿ ਸਮੇਂ ਦੀਆਂ ਹਕੂਮਤਾਂ ਨਸ਼ਿਆਂ ਰਾਹੀਂ ਪੰਜਾਬੀਆਂ ਨੂੰ ਖ਼ਤਮ ਕਰਨ ਦੇ ਰਾਹ ਤੇ ਤੁਲੀਆਂ ਹੋਈਆਂ ਹਨ।

ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਵੱਲੋਂ ਦੀਵਾਨ ਹਾਲ ਵਿੱਚ ਕੀਰਤਨ ਅਤੇ ਢਾਡੀ ਜਥਿਆਂ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਗਈ। ਉਨ੍ਹਾਂ ਨੇ ਸਿੱਖ ਪੰਥ ਨੂੰ ਸੰਦੇਸ਼ ਦਿੱਤਾ ਕਿ ਆਓ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੀਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੁਰਾਣੇ ਲੰਗਰ ਹਾਲ ਵਿਚ ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਈ ਹੋਈ ਸੰਗਤ ਨੇ ਇੱਕ ਹਜ਼ਾਰ ਦੇ ਕਰੀਬ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ।

ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਮੀਡੀਆ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਵਿਊ ਦੇ ਚੱਕਰਾਂ ਵਿਚ ਆਪਣੀ ਅਸਲੀ ਡਿਊਟੀ ਨਾ ਭੁੱਲਣ ਅਤੇ ਆਪਣੀ ਡਿਊਟੀ ਪਛਾਣਦੇ ਹੋਏ ਸਹੀ ਅਤੇ ਗਲਤ ਦੀ ਪਰਖ ਕਰਕੇ ਹੀ ਅਖ਼ਬਾਰਾਂ ਜਾਂ ਟੈਲੀਵਿਜ਼ਨ ਦੀਆਂ ਸੁਰਖ਼ੀਆਂ ਬਣਾਉਣ ਕਿਉਂਕਿ ਮੀਡੀਆ ਦਾ ਵੀ ਕੌਮ ਪ੍ਰਤੀ ਬਹੁਤ ਵੱਡਾ ਰੋਲ ਹੈ।

Leave a Reply

Your email address will not be published.