ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਸਿੰਘ ’ਤੇ 307 ਦਾ ਪਰਚਾ ਦਰਜ

ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਪਰਚੇ ਦਰਜ ਕੀਤੇ ਗਏ ਹਨ। ਇਸ ਵਿੱਚ ਹਰਿਆਣਾ ਪੁਲਿਸ ਦੇ ਵਾਟਰ ਕੈਨਨ ਨੂੰ ਬੰਦ ਕਰਨ ਵਾਲੇ ਨਵਦੀਪ ਤੇ ਵੀ ਅੰਬਾਲਾ ਦੇ ਪੜਾਵ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਐਸਪੀ ਅੰਬਾਲਾ ਰਾਜੇਸ਼ ਕਾਲੀਆ ਨੇ ਇਕ ਨਿਜੀ ਚੈਨਲ ਨੂੰ ਜਾਣਕਾਰੀ ਦਿੱਤੀ ਹੈ।

ਪੁਲਿਸ ਨੇ ਨਵਦੀਪ ਸਿੰਘ ਤੇ ਆਈਪੀਸੀ ਦੀ ਧਾਰਾ 307, 147, 149, 186, 269, 270, 279, 332 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਦੋਂ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਲੰਘ ਰਹੇ ਸੀ ਤਾਂ ਹਰਿਆਣਾ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ।
ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਸਨ। ਜਦੋਂ ਕਿਸਾਨਾਂ ਨੂੰ ਖਦੇੜਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਹਰਿਆਣਾ ਦੇ ਇਕ ਨੌਜਵਾਨ ਨੇ ਵਾਟਰ ਕੈਨਨ ਤੇ ਚੜ੍ਹ ਕੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਅਤੇ ਟਰਾਲੀ ਤੇ ਛਾਲ ਮਾਰ ਦਿੱਤੀ।
25 ਨਵੰਬਰ 2020 ਨੂੰ ਅੰਬਾਲਾ ਵਿੱਚ ਨਵਦੀਪ ਸਿੰਘ ਨੇ ਹਰਿਆਣਾ ਪੁਲਿਸ ਦੇ ਵਾਟਰ ਕੈਨਨ ਤੇ ਚੜ੍ਹ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਵਦੀਪ ਦੀ ਇਹ ਤਸਵੀਰ ਕਾਫੀ ਵਾਇਰਲ ਵੀ ਹੋਈ ਸੀ। ਜਿਸ ਤੋਂ ਬਾਅਦ ਨਵਦੀਪ ਨੂੰ ਦੇਸ਼ ਭਰ ਅਤੇ ਵਿਦੇਸ਼ਾ ਤੋਂ ਪੰਜਾਬੀਆ ਨੇ ਪਿਆਰ ਅਤੇ ਸ਼ਾਬਾਸ਼ੀ ਦਿੱਤੀ ਸੀ।
ਨਵਦੀਪ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਵੀ ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆ ਨਾਲ ਜੁੜੇ ਹੋਏ ਹਨ। ਦਸ ਦਈਏ ਕਿ ਕਿਸਾਨਾਂ ਨੇ ਦਿੱਲੀ ਕੂਚ ਕਰ ਲਿਆ ਹੈ। 27 ਨਵੰਬਰ ਯਾਨੀ ਕਿ ਕੱਲ੍ਹ ਦਿੱਲੀ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਦਿੱਲੀ ਵਿੱਚ ਐਂਟਰੀ ਦਿੱਤੀ ਹੈ।
ਹਰਿਆਣਾ ਮਗਰੋਂ ਯੂਪੀ ਬਾਰਡਰ ਤੇ ਵੀ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਦਿੱਲੀ ਦੇ ਟਿਕਰੀ ਬਾਰਡਰ ਤੇ ਇਕੱਠੇ ਹੋਏ ਹਨ ਤੇ ਇੱਥੇ ਹੀ ਡੇਰੇ ਲਾਏ ਹਨ। ਦਸ ਦਈਏ ਕਿ ਦੇਰ ਰਾਤ ਤੋਂ ਹੀ ਕਿਸਾਨ ਇੱਥੇ ਧਰਨੇ ਤੇ ਬੈਠੇ ਰਹੇ ਹਨ।
ਕਿਸਾਨਾਂ ਦੀ ਮੰਗ ਹੈ ਕਿ ਦਿੱਲੀ ਦੀਆਂ ਸੜਕਾਂ ਤੇ ਹੀ ਉਹਨਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤਕ ਉਹ ਉੱਥੇ ਹੀ ਬੈਠੇ ਰਹਿਣਗੇ।
