ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਪਹੁੰਚਣ ਦੀ ਕੀਤੀ ਅਪੀਲ

ਲੰਮੇ ਸਮੇਂ ਤੋਂ ਰੁਪੋਸ਼ ਚੱਲ ਰਹੇ ਲੱਖਾ ਸਿਧਾਣਾ ਇੱਕ ਵਾਰ ਵਿਰ ਤੋਂ ਮੀਡੀਆ ਦੇ ਸਾਹਮਣੇ ਆਏ ਹਨ ਲੱਖਾ ਸਿਧਾਣਾ ਨੇ ਬਕਾਇਦਾ ਦਿੱਲੀ ਸੰਘਰਸ਼ ਵਿੱਚ ਹਿੱਸਾ ਪਾਉਣ ਜਾ ਰਹੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਹੈ। ਸਿਧਾਣਾ ਨੇ ਲੋਕਾਂ ਨੂੰ ਦਿੱਲੀ ਸੰਘਰਸ਼ ਵਿੱਚ ਮੁੜ ਤੋਂ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਹੈ।

ਸਿਧਾਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਿਸ ਵਿੱਚ ਕਿ ਉਹ ਸਫਲ ਵੀ ਹੋ ਰਹੀ ਹੈ। ਲੋਕ ਲਗਾਤਾਰ ਅਪਾਣੇ ਘਰਾਂ ਨੂੰ ਮੁੜ ਰਹੇ ਹਨ ਅਤੇ ਬਾਰਡਰਾਂ ਉੱਪਰ ਇਕੱਠ ਘਟਦਾ ਹੀ ਜਾ ਰਿਹਾ ਹੈ ਜਦਕਿ 26 ਜਨਵਰੀ ਤੋਂ ਪਹਿਲਾਂ ਦਿੱਲੀ ਅੰਦੋਲਨ ਦੇ ਇਕੱਠ ਨੇ ਸਰਕਾਰ ਨੂੰ ਸੋਚਾਂ ਵਿੱਚ ਪਾ ਰੱਖਿਆ ਸੀ।
ਲੱਖ ਸਿਧਾਣਾ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਚਾਲਾਂ ਲਗਾਤਾਰ ਕਾਮਯਾਬ ਹੋ ਰਹੀਆਂ ਹਨ ਅਤੇ ਕਿਸਾਨ ਆਗੂਆਂ ਅਤੇ ਲੋਕਾਂ ਵਿੱਚ ਆਪਸੀ ਫੁੱਟ ਵਧਦੀ ਹੀ ਜਾ ਰਹੀ ਹੈ। ਸਿਧਾਣਾ ਨੇ ਕਿਹਾ ਕਿ ਅੱਜ ਕੱਲ ਹਰ ਕੋਈ ਇੱਕ ਦੂਜੇ ਉੱਪਰ ਚਿੱਕੜ ਸੁੱਟਣ ਵਿੱਚ ਲੱਗਿਆ ਹੋਇਆ ਹੈ ਜਦਕਿ ਇਹ ਸਮਾਂ ਆਪਸ ਵਿੱਚ ਲੜਨ ਦਾ ਨਹੀਂ ਸਗੋਂ ਏਕਤਾ ਬਣਾਈ ਰੱਖਣ ਅਤੇ ਮੋਰਚਾ ਜਿੱਤਣ ਦਾ ਹੈ।

ਸਿਧਾਣਾ ਨੇ ਇੱਕ ਵਾਰ ਫਿਰ ਤੋਂ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸਿੰਘੂ ਬਾਰਡਰ ਪਹੁੰਚਣ ਅਤੇ ਇਕੱਠੇ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅੱਜ ਦਿੱਲੀ ਲਈ ਇੱਕ ਵੱਡਾ ਕਾਫਲਾ ਪਿੰਡ ਸਿਧਾਣਾ ਤੋਂ ਰਵਾਨਾ ਹੋਣਾ ਸੀ ਜਿਸ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਇੱਕ ਵਾਰ ਫਿਰ ਤੋਂ ਪੁਲਿਸ ਨੂੰ ਚਕਮਾ ਦਿੰਦਿਆਂ ਇਸ ਕਾਫਲੇ ਵਿੱਚ ਐਂਟਰੀ ਕੀਤੀ।
ਹਾਲਾਂਕਿ ਲੱਖਾ ਸਿਧਾਣਾ ਦਿੱਲੀ ਹਿੰਸਾ ਮਾਮਲੇ ਵਿੱਚ ਵਾਰੰਟ ਜਾਰੀ ਹੋਣ ਤੋਂ ਬਾਅਦ ਰੁਪੋਸ਼ ਚੱਲ ਰਹੇ ਹਨ ਅਤੇ ਇੱਕਾ ਦੁੱਕਾ ਵਾਰੀਆਂ ਨੂੰ ਛੱਡ ਉਹ ਨਜ਼ਰ ਨਹੀਂ ਆਏ ਪਰ ਦਿੱਲੀ ਪੁਲਿਸ ਦੇ ਨਾਲ-ਨਾਲ ਸਿਧਾਣਾ ਪੰਜਾਬ ਪੁਲਿਸ ਲਈ ਵੀ ਵੱਡੀ ਚੁਣੌਤੀ ਬਣੇ ਹੋਏ ਹਨ।
