ਲੰਮੇ ਸਮੇਂ ਬਾਅਦ ਅੱਜ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ਼, PM ਮੋਦੀ ਕਰਨਗੇ ਵਰਚੁਅਲ ਉਦਘਾਟਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜਲ੍ਹਿਆਂਵਾਲਾ ਬਾਗ਼ ਸਮਾਰਕ ਦੇ ਨਵੀਨੀਕਰਨ ਮਗਰੋਂ ਦੇਸ਼ ਨੂੰ ਸਮਰਪਿਤ ਕਰਨਗੇ। ਪੀਐਮ ਮੋਦੀ ਇਸ ਸਮਾਰਕ ਵਿੱਚ ਬਣਾਈਆਂ ਮਿਊਜੀਅਮ ਗੈਲਰੀਜ਼ ਦਾ ਵੀ ਉਦਘਾਟਨ ਕਰਨਗੇ। ਇਸ ਆਯੋਜਨ ਦੌਰਾਨ ਸਮੁੱਚੇ ਸਮਾਰਕ ਨੂੰ ਉੱਨਤ ਕਰਨ ਲਈ ਸਰਕਾਰ ਵੱਲੋਂ ਕੀਤੇ ਅਣਗਿਣਤ ਵਿਕਾਸ ਪਹਿਲੂਆਂ ਨੂੰ ਵੀ ਦਰਸਾਇਆ ਜਾਵੇਗਾ। ਪੰਜਾਬ ਸਰਕਾਰ ਨੇ 20 ਕਰੋੜ ਰੁਪਏ ਖਰਚ ਕਰ ਜਲ੍ਹਿਆਂਵਾਲਾ ਬਾਗ਼ ਦਾ ਨਵੀਨੀਕਰਨ ਕੀਤਾ ਹੈ।

ਜਲ੍ਹਿਆਂਵਾਲਾ ਬਾਗ਼ ਦਾ ਨਵੀਨੀਕਰਨ ਪਿਛਲੇ ਸਾਲ ਪੂਰਾ ਹੋਣਾ ਸੀ। ਪਰ ਕੋਰੋਨਾ ਵਾਇਰਸ ਕਾਰਨ ਇਸ ਦਾ ਕੰਮ ਰੋਕ ਦਿੱਤਾ ਗਿਆ। ਪਹਿਲਾਂ ਬਾਗ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲ੍ਹਦਾ ਸੀ ਅਤੇ ਹੁਣ ਇਹ ਦੇਰ ਸ਼ਾਮ ਤੱਕ ਖੁੱਲ੍ਹੇਗਾ। ਜਲ੍ਹਿਆਂਵਾਲਾ ਬਾਗ਼ ਵਿੱਚ ਖੁੱਲ੍ਹੇ ਖੂਹ ਦਾ ਨਵੀਨੀਕਰਨ ਕੀਤਾ ਗਿਆ ਹੈ। ਇਹ ਉਹੀ ਖੂਹ ਹੈ ਜਿਸ ਵਿੱਚ ਲੋਕਾਂ ਨੇ ਬ੍ਰਿਟਿਸ਼ ਫੌਜਾਂ ਦੀਆਂ ਗੋਲੀਆਂ ਤੋਂ ਬਚਣ ਲਈ ਇਸ ਵਿੱਚ ਛਾਲਾਂ ਮਾਰ ਦਿੱਤੀਆਂ ਸਨ।
ਖੂਹ ਦੇ ਚਾਰੇ ਪਾਸੇ ਇੱਕ ਗਲਿਆਰਾ ਬਣਿਆ ਹੋਇਆ ਹੈ ਅਤੇ ਇਸ ਦੀ ਸੁਰੱਖਿਆ ਲਈ ਕੱਚ ਵੀ ਲਾਇਆ ਗਿਆ ਹੈ। ਖੂਹ ਤੋਂ ਅੱਗੇ ਇਕ ਕੰਧ ਹੈ, ਜਿੱਥੇ ਕਿ ਗੋਲੀਆਂ ਦੇ ਨਿਸ਼ਾਨ ਹਨ। 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਕਤਲੇਆਮ ਕੀਤਾ ਸੀ। ਇਸ ਕਤਲੇਆਮ ਨੂੰ 102 ਸਾਲ ਹੋ ਗਏ ਹਨ। ਬ੍ਰਿਟਿਸ਼ ਸਰਕਾਰ ਨੇ ਕਤਲੇਆਮ ਦੇ 100 ਸਾਲਾਂ ਬਾਅਦ ਡੂੰਘਾ ਅਫਸੋਸ ਵੀ ਪ੍ਰਗਟਾਇਆ ਸੀ।
ਇਸ ਵਹਿਸ਼ੀਆਨਾ ਘਟਨਾ ਦੇ ਜ਼ਖ਼ਮ ਇੰਨੇ ਡੂੰਘੇ ਹਨ ਕਿ ਅੱਜ ਵੀ ਜਲ੍ਹਿਆਂਵਾਲਾ ਬਾਗ ਦੀ ਕੰਧ ਉੱਤੇ ਮੌਜੂਦ ਹਨ, ਜਿਨ੍ਹਾਂ ਨੂੰ ਲੋਕ ਦੇਖਣ ਆਉਂਦੇ ਹਨ। ਇਸ ਲਈ ਹੁਣ ਜਲ੍ਹਿਆਂਵਾਲਾ ਬਾਗ ਟੂਰਿਸਟ ਸਥਾਨ ਵੀ ਹੈ। ਜਲਿਆਂਵਾਲਾ ਬਾਗ, ਜੋ ਪਹਿਲਾਂ ਸ਼ਾਮ 5 ਵਜੇ ਬੰਦ ਹੋ ਜਾਇਆ ਕਰਦਾ ਸੀ, ਹੁਣ ਦੇਰ ਸ਼ਾਮ ਤੱਕ ਖੁੱਲ੍ਹਾ ਰਿਹਾ ਕਰੇਗਾ। ਇਥੇ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਜਾਵੇਗਾ।
ਇੱਕ ਵਾਰ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਇੱਕ ਲਾਈਟ ਐਂਡ ਸ਼ੋਅ ਵੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਸਫਲ ਨਹੀਂ ਹੋ ਸਕਿਆ। ਹੁਣ ਇੱਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਜਲਿਆਂਵਾਲਾ ਬਾਗ ਵਿੱਚ ਬਣੀ ਗੈਲਰੀ ਵਿੱਚ ਬੈਠੇ ਲਗਭਗ 80 ਲੋਕ ਦੇਖ ਸਕਿਆ ਕਰਨਗੇ।
