ਲੋਕ ਸਭਾ ਦੇ ਬਜਟ ਸੈਸ਼ਨ ਵਿੱਚ ਪਾਸ ਹੋਇਆ ਵਿੱਤ ਬਿੱਲ 2022

ਲੋਕ ਸਭਾ ਵਿੱਚ ਵਿੱਤੀ ਬਿੱਲ 2022 ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਵਿੱਤੀ ਸਾਲ 2022-23 ਲਈ ਬਜਟ ਪ੍ਰਕਿਰਿਆ ਪੂਰੀ ਹੋ ਗਈ ਹੈ। ਹੇਠਲੇ ਸਦਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ 39 ਸਰਕਾਰੀ ਸੋਧਾਂ ਨੂੰ ਸਵੀਕਾਰ ਕਰਕੇ ਅਤੇ ਵਿਰੋਧੀ ਦਲਾਂ ਦੇ ਮੈਂਬਰਾਂ ਦੀਆਂ ਸੋਧਾਂ ਨੂੰ ਅਸਵੀਕਾਰ ਕਰਕੇ ਵਿੱਤ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ।

ਵਿੱਤ ਮੰਤਰੀ ਨੇ ਕ੍ਰਿਪਟੋ ਤੇ ਸਰਕਾਰ ਦਾ ਰੁਖ ਸਾਫ਼ ਕੀਤਾ ਹੈ। ਉਹਨਾਂ ਕਿਹਾ ਕਿ ਚਰਚਾ ਤੋਂ ਬਾਅਦ ਇਸ ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਲੋਕ ਸਭਾ ਵਿੱਚ ਵਿੱਤ ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਮੋਦੀ ਸਰਕਾਰ ਆਮ ਲੋਕਾਂ ਤੇ ਟੈਕਸ ਦਾ ਘੱਟ ਬੋਝ ਪਾਉਣ ਦੀ ਨੀਤੀ ਤੇ ਕੰਮ ਕਰਦੀ ਹੈ ਅਤੇ ਇਸ ਦਾ ਸਬੂਤ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਅਤੇ ਵਿਵਸਥਾ ਨੂੰ ਪਟੜੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੌਰਾਨ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਜਦਕਿ ਜਰਮਨੀ, ਬ੍ਰਿਟੇਨ ਅਤੇ ਕੈਨੇਡਾ ਸਮੇਤ 32 ਦੇਸ਼ਾਂ ਵਿੱਚ ਟੈਕਸ ਲਾਏ ਗਏ ਹਨ।
ਮਹਾਰਾਸ਼ਟਰ ਤੋਂ ਐਨਪੀਸੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਿਹਾ ਕਿ ਕ੍ਰਿਪਟੋ ਬਾਰੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਕ੍ਰਿਪਟੋ ਦੇਸ਼ ਲਈ ਚੰਗਾ ਨਹੀਂ ਹੈ ਪਰ ਜੇ ਚੰਗਾ ਨਹੀਂ ਹੈ ਤਾਂ ਬੈਨ ਕਿਉਂ ਨਹੀਂ ਕਰਦੇ।
