ਲੁਧਿਆਣਾ ਬਲਾਸਟ ’ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਪਹੁੰਚੇ ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਅੱਜ ਸਿਵਲ ਹਸਪਤਾਲ ਅਤੇ ਸੀਐਮਸੀ ਲੁਧਿਆਣਾ ਪਹੁੰਚੇ ਹਨ। ਉਹਨਾਂ ਨੇ ਲੁਧਿਆਣਾ ਬਲਾਸਟ ਘਟਨਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਿਆ। ਉਹਨਾਂ ਨੇ ਜ਼ਖ਼ਮੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।

ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦੇ ਮਾਸਟਰ ਮਾਈਂਡ ਲੋਕਾਂ ਤੱਕ ਪਹੁੰਚਣ ਦੀ ਲੋੜ ਹੈ ਪਰ ਸਰਕਾਰ ਤਾਂ ਖੁਦ ਆਪਸ ਵਿੱਚ ਲੜ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਪੰਜਾਬ ਲਈ ਸਮਾਂ ਹੀ ਨਹੀਂ ਹੈ। ਪੰਜਾਬ ਨੂੰ ਇਕ ਮਜ਼ਬੂਤ ਅਤੇ ਈਮਾਨਦਾਰ ਸਰਕਾਰ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਿਆ ਜਾ ਸਕੇ।

ਉਹਨਾਂ ਕਿਹਾ ਕਿ ਬਰਗਾੜੀ ਵਿੱਚ ਜਿਹੜੀ ਘਟਨਾ ਵਾਪਰੀ ਹੈ, ਜੇ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੁੰਦੀ ਤਾਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕਰਦਾ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਪਹੁੰਚੇ ਹਨ। ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਲੁਧਿਆਣਾ ਬਲਾਸਟ ਦੀ ਘਟਨਾ ਸੁਣ ਕੇ ਬਹੁਤ ਦੁੱਖ ਲੱਗਿਆ।
ਇਕ ਵਿਅਕਤੀ ਦੀ ਮੌਤ ਹੋ ਗਈ। ਕੁੱਝ ਲੋਕ ਜ਼ਖ਼ਮੀ ਵੀ ਹੋਏ ਹਨ। ਇਹਨਾਂ ਜ਼ਖ਼ਮੀ ਵਿਅਕਤੀਆਂ ਦਾ ਹਾਲ ਜਾਣਨ ਲਈ ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਲੁਧਿਆਣਾ ਪਹੁੰਚੇ ਹਨ। ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਘਟਨਾ ਨੂੰ ਲੈ ਕੇ ਕਿਹਾ ਕਿ, ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਤੋਂ ਪਤਾ ਲਗਦਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਲੋਕ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਪਿੱਛੇ ਕੋਈ ਵੱਡੀ ਤਾਕਤ ਹੈ ਜੋ ਇਹਨਾਂ ਤੋਂ ਇਹ ਕੰਮ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਵੀ ਬੇਅਦਬੀ ਕਾਂਡ ਹੋਇਆ ਸੀ ਅਤੇ ਮੌੜ ਵਿੱਚ ਬਲਾਸਟ ਕੀਤਾ ਗਿਆ ਸੀ। ਹੁਣ ਫਿਰ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
