ਲੁਧਿਆਣਾ ਦੇ ਡੀਐਮਸੀ ’ਚ ਸਿੱਧੂ ਦੇ ਸਾਥੀਆਂ ਦਾ ਇਲਾਜ ਜਾਰੀ, ਸਾਥੀਆਂ ਨੇ ਕੀਤੇ ਕਈ ਖੁਲਾਸੇ

ਮਾਨਸਾ ਵਿੱਚ ਬੀਤੇ ਦਿਨ ਸਿੱਧੂ ਮੂਸੇਵਾਲਾ ਤੇ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਉਸ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋਏ ਸੀ, ਜਿਹਨਾਂ ਨੂੰ ਬੀਤੇ ਦਿਨ ਹੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਇਹਨਾਂ ਦੋਵਾਂ ਜ਼ਖ਼ਮੀਆਂ ਵਿੱਚੋਂ ਇੱਕ ਗੁਰਵਿੰਦਰ ਦੇ ਸਰੀਰ ਵਿੱਚੋਂ ਗੋਲੀ ਕੱਢ ਦਿੱਤੀ ਗਈ ਹੈ ਤੇ ਉਸ ਦਾ ਆਪਰੇਸ਼ਨ ਕੀਤਾ ਗਿਆ।

ਜਦਕਿ ਇਸ ਮਾਮਲੇ ਵਿੱਚ ਸਿੱਧੂ ਦਾ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੈ ਜਿਸ ਨੂੰ 3 ਗੋਲੀਆਂ ਲੱਗੀਆਂ। ਉਸ ਦਾ ਇਲਾਜ ਜਾਰੀ ਹੈ। ਡਾਕਟਰਾਂ ਨੇ ਦੱਸਿਆ ਕਿ ਇੱਕ ਨੂੰ ਕੂਹਣੀ ਤੇ ਪੱਟ ਵਿੱਚ ਗੋਲੀ ਵੱਜੀ ਹੈ ਜਦਕਿ ਇੱਕ ਨੂੰ ਬਾਂਹ ਵਿੱਚ ਗੋਲੀ ਲੱਗੀ ਹੈ। ਉਹਨਾਂ ਦੱਸਿਆ ਕਿ ਗੋਲੀਆਂ ਇੰਨੀ ਜ਼ੋਰ ਨਾਲ ਲੱਗੀਆਂ ਕਿ ਦੋਵਾਂ ਨੂੰ ਮਲਟੀਪਲ ਇੰਜਰੀਸ ਹੋਈਆਂ ਹਨ। ਉਹਨਾਂ ਨੂੰ ਕਈ ਫਰੈਕਚਰ ਹੋਏ ਹਨ।

ਡਾਕਟਰਾਂ ਨੇ ਦੱਸਿਆ ਕਿ ਇੱਕ ਦੀ ਤਾਂ ਪੂਰੀ ਬਾਂਹ ਹੀ ਖੁੱਲ੍ਹ ਗਈ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਦੋਵਾਂ ਨੂੰ ਜਦੋਂ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਦੋਵਾਂ ਦੀ ਹਾਲਤ ਕਾਫ਼ੀ ਖਰਾਬ ਸੀ ਪਰ ਹੁਣ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਉਹਨਾਂ ਦੋਵਾਂ ਸਾਥੀਆਂ ਤੋਂ ਬਿਆਨ ਲਏ ਹਨ ਪਰ ਮੀਡੀਆ ਨੂੰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ।
