ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ ‘ਚੋਂ ਲੱਖਾਂ ਦਾ ਮਾਲ ਹੋਇਆ ਚੋਰੀ, ਪੁਲਿਸ ਨੇ ਮਾਰੀ ਰੇਡ

ਲੁਧਿਆਣਾ ਦੇ ਨੈਸ਼ਨਲ ਹਾਈਵੇਅ ਤੇ ਸਰਗਰਮ ਚੋਰ ਗਿਰੋਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ ਵਿੱਚੋਂ ਲੱਖਾਂ ਦਾ ਮਾਲ ਚੋਰੀ ਕਰ ਰਹੇ ਹਨ। ਇਸ ਗਿਰੋਹ ਨੇ ਲੁਧਿਆਣਾ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਤੱਕ ਕਈ ਥਾਵਾਂ ਤੇ ਚੋਰਾਂ ਨੇ ਆਪਣੇ ਚੋਰੀ ਦੇ ਅੱਡੇ ਬਣਾ ਰੱਖੇ ਹਨ। ਅਜਿਹੇ ਹੀ ਇੱਕ ਅੱਡੇ ਤੇ ਦੋਰਾਹਾ ਦੀ ਪੁਲਿਸ ਨੇ ਰੇਡ ਕੀਤੀ।
ਰੇਡ ਕਰ ਰਹੀ ਪੁਲਿਸ ਨੇ ਕੰਧਾਂ ਟੱਪ ਕੇ ਪੁਲਿਸ ਗੁਦਾਮ ਅੰਦਰ ਵੜੀ ਤਾਂ ਚੋਰ ਗੱਡੀਆਂ ਅਤੇ ਸਮਾਨ ਛੱਡ ਕੇ ਭੱਜ ਨਿਕਲੇ। ਦੋਰਾਹਾ ਦੇ ਰਾਜਗੜ੍ਹ ਪਿੰਡ ਵਿਖੇ ਵਿੱਚ ਇੱਕ ਵੱਡੇ ਗੁਦਾਮ ਦਾ ਗੇਟ ਬੰਦ ਕਰਕੇ ਖੁਸ਼ਕ ਬੰਦਰਗਾਹ ਤੋਂ ਲੱਖਾਂ ਰੁਪਏ ਦੀ ਸਕਰੇਪ ਲੈ ਕੇ ਜਾ ਰਹੇ ਕੰਟੇਨਰ ਦੀਆਂ ਸੀਲਾਂ ਤੋੜ ਕੇ ਸਕ੍ਰੇਪ ਚੋਰੀ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਗੁਰਮੀਤ ਸਿੰਘ ਨੇ ਫ਼ਿਲਮੀ ਸਟਾਈਲ ਵਿੱਚ ਰੇਡ ਕੀਤੀ। ਪੁਲਿਸ ਵੱਲੋਂ ਗੋਦਾਮ ਨੂੰ ਘੇਰਾ ਪਾ ਲਿਆ ਗਿਆ।
ਕੰਧਾਂ ਟੱਪ ਕੇ ਪੁਲਿਸ ਅੰਦਰ ਦਾਖਲ ਹੋਈ। ਇਸ ਤੋਂ ਪਹਿਲਾਂ ਹੀ ਚੋਰ ਪਿਛਲੀਆਂ ਕੰਧਾਂ ਟੱਪ ਕੇ ਭੱਜ ਗਏ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਕਰੇਪ ਦਾ ਭਰਿਆ ਕੰਟੇਨਰ, ਇੱਕ ਮੋਟਰਸਾਈਕਲ ਅਤੇ ਬੋਲੇਨੋ ਕਾਰ ਬਰਾਮਦ ਕੀਤੀ ਗਈ ਹੈ। ਗਿਰੋਹ ਦੇ ਸਰਗਨਾ ਦੇ ਨਾਮ ਪਤਾ ਲੱਗ ਗਏ ਹਨ ਜਿਹਨਾਂ ਖਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਬਾਰੇ ਜੀਐਸਟੀ ਵਿਭਾਗ ਅਤੇ ਖੁਸ਼ਕ ਬੰਦਰਗਾਹ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ।