ਲੁਧਿਆਣਾ ’ਚ ਫੈਕਟਰੀ ਦੀ ਡਿੱਗੀ ਛੱਤ, ਫੈਕਟਰੀ ਮਾਲਕ ਅਤੇ ਠੇਕੇਦਾਰ ’ਤੇ ਲਾਏ ਗੰਭੀਰ ਇਲਜ਼ਾਮ

ਲੁਧਿਆਣਾ ਦੇ ਡਾਬਾ ਰੋੜ ਸਥਿਤ ਮੁਕੰਦ ਸਿੰਘ ਨਗਰ ਵਿੱਚ ਕਰੀਬ 12 ਵਜੇ ਉਸ ਸਮੇਂ ਹਫੜਾ ਦਫੜੀ ਮਚ ਗਈ। ਜਦੋਂ ਇੱਕ ਦੋ ਮੰਜਿਲਾਂ ਫੈਕਟਰੀ ਦੀ ਇਮਾਰਤ ਅਚਾਨਕ ਢਹਿ ਢੇਰੀ ਹੋ ਗਈ। ਇਮਾਰਤ ਡਿੱਗਣ ਮੌਕੇ ਫੈਕਟਰੀ ਦੇ ਅੰਦਰ ਕਰੀਬ 37 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸੀ, ਜਿਹੜੇ ਕਿ ਇਮਾਰਤ ਦੇ ਮਲਬੇ ਦੇ ਹੇਠਾਂ ਦੱਬ ਗਏ।

ਉਧਰ ਇਸ ਘਟਨਾ ਤੋਂ ਬਾਅਦ ਤੁਰੰਤ ਬਚਾਅ ਟੀਮਾਂ ਨੂੰ ਸੂਚਿਤ ਕੀਤਾ ਗਿਆ। ਖਬਰ ਲਿਖੇ ਜਾਣ ਤੱਕ 20 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਥਾਨਕ ਵਾਸੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਹਾਦਸੇ ਦਾ ਦੋਸ਼ੀ ਫੈਕਟਰੀ ਮਾਲਕ ਅਤੇ ਠੇਕੇਦਾਰ ਨੂੰ ਦੱਸਿਆ ਹੈ।
ਸਥਾਨਕ ਲੋਕਾਂ ਮੁਤਾਬਕ ਠੇਕੇਦਾਰ ਨੇ ਰਾਤ ਨੂੰ ਹੀ ਲੈਂਟਰ ਨੂੰ ਜੈਕ ਲਾ ਕੇ ਉੱਪਰ ਚੁੱਕ ਦਿੱਤਾ ਅਤੇ ਸਵੇਰ ਹੁੰਦਿਆਂ ਹੀ ਕੰਮ ਚਾਲੂ ਕਰ ਦਿੱਤਾ ਜਦਕਿ ਫੈਕਟਰੀ ਦਾ ਲੈਂਟਰ ਕਈ ਸਾਲ ਪੁਰਾਣਾ ਸੀ। ਸਥਾਨਕ ਵਾਸੀਆਂ ਮੁਤਾਬਕ ਹਾਦਸੇ ਦੌਰਾਨ ਇੱਕ ਤੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ ਫੈਕਟਰੀ ਦੀ ਛੱਤ ਡਿੱਗਣ ਨਾਲ ਆਲੇ ਦੁਆਲੇ ਬਣੇ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ। ਕਈ ਲੋਕ ਘਰਾਂ ਦੀਆਂ ਛੱਤਾਂ ਦੇ ਥੱਲੇ ਆਉਂਦੇ ਆਉਂਦੇ ਬਚੇ, ਲੋਕਾਂ ਨੇ ਇਸ ਪੂਰੀ ਘਟਨਾ ਲਈ ਫੈਕਟਰੀ ਮਾਲਕ ਅਤੇ ਕੰਮ ਕਰ ਰਹੇ ਠੇਕੇਦਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਦੱਸ ਦਈਏ ਕਿ ਫੈਕਟਰੀ ਵਿੱਚ ਇਹ ਹਾਦਸਾ ਹੋਣ ਸਮੇਂ ਫੈਕਟਰੀ ਅੰਦਰ ਮਰਦਾਂ ਦੇ ਨਾਲ ਨਾਲ ਕਈ ਔਰਤਾਂ ਵੀ ਕੰਮ ਕਰ ਰਹੀਆਂ ਸੀ ਜਿਨ੍ਹਾਂ ਬਾਰੇ ਹਾਲੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਇਸ ਬਾਬਤ ਹਾਲੇ ਪ੍ਰਸਾਸ਼ਨ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਦੇਖਣਾ ਇਹੀ ਹੈ ਕਿ ਪ੍ਰਸਾਸ਼ਨ ਇਸ ਪੂਰੇ ਮਾਮਲੇ ਵਿੱਚ ਕਿਸ ਦੀ ਜ਼ਿੰਮੇਵਾਰੀ ਤੈਅ ਕਰਦਾ ਹੈ।
