ਲੁਧਿਆਣਾ ’ਚ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਲੁਧਿਆਣਾ ਵਿੱਚ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅੱਗ ਬੁਝਾਊ ਦਸਤੇ ਦੀਆਂ ਕਰੀਬ 100 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਉੱਥੇ ਹੀ ਇਸ ਮੌਕੇ ‘ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਬਹੁਤ ਹੀ ਮੁਸ਼ੀਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਜਿਸ ਲਈ ਕਰੀਬ 100 ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਹਨ।

ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮਾਲ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦਈਏ ਕਿ ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ ਪਰ ਕਿਆਸ ਲਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਫ਼ੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਸਵਾਹ ਹੋ ਗਿਆ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨੇੜੇ ਵੀ ਇਕ ਹੌਜ਼ਰੀ ਫ਼ੈਕਟਰੀ ‘ਚ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
