ਲੁਧਿਆਣਾ ’ਚ ਦੋ ਸਕੂਲਾਂ ਦੇ ਕਰੀਬ 20 ਵਿਦਿਆਰਥੀ ਪਾਜ਼ੀਟਿਵ, ਸਕੂਲ ਬੰਦ ਕਰਨ ਦੇ ਹੁਕਮ ਜਾਰੀ

ਪੰਜਾਬ ‘ਚ ਹਾਲੇ ਸਕੂਲ ਖੁੱਲਿਆਂ ਨੂੰ ਮਹਿਜ਼ ਇੱਕ ਹਫਤਾ ਹੀ ਪੂਰਾ ਹੋਇਆ ਹੈ ਕਿ ਸਕੂਲ ਮੁੜ ਤੋਂ ਬੰਦ ਹੋਣ ਲੱਗ ਪਏ ਹਨ। ਲੁਧਿਆਣਾ ਵਿੱਚ ਕਰੀਬ 20 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਅੱਜ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਸਤੀ ਜੋਧੇਵਾਲ ਅਤੇ ਕੈਲਾਸ਼ ਨਗਰ ਸਰਕਾਰੀ ਸਕੂਲਾਂ ਦੇ ਬੱਚੇ ਰੈਪਿਡ ਟੈਸਟ ਤੋਂ ਬਾਅਦ ਪਾਜ਼ੀਟਿਵ ਪਾਏ ਗਏ ਹਨ ਜਿਸ ਕਾਰਨ ਹੁਣ ਪੰਜਾਬ ਸਰਕਾਰ ਨੇ ਦੋ ਵੱਖੋ ਵੱਖਰੇ ਨੋਟਿਸ ਜਾਰੀ ਕਰਦਿਆਂ ਦੋਵਾਂ ਸਕੂਲਾਂ ਨੂੰ 24 ਅਗਸਤ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਮੁਤਾਬਕ ਸਕੂਲ ਵਿੱਚ ਛੇਵੀਂ ਤੋਂ 12ਵੀਂ ਜਮਾਤ ਤੱਕ 2200 ਵਿਦਿਆਰਥੀ ਪੜ੍ਹਦੇ ਹਨ ਜਦਕਿ 700 ਬੱਚੇ ਪ੍ਰਾਇਮਰੀ ਸਕੂਲ ਦੇ ਹਨ। ਇਸ ਦੇ ਨਾਲ ਹੀ ਨਰਸਰੀ ਤੋਂ 5ਵੀਂ ਜਮਾਤ ਤੱਕ 700 ਬੱਚੇ ਤੇ 6ਵੀਂ ਤੋਂ 10ਵੀਂ ਤੱਕ ਦੇ 500 ਬੱਚੇ ਕੈਲਾਸ਼ ਨਗਰ ਹਾਈ ਸਕੂਲ ’ਚ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ ਪਹਿਲਾਂ 11ਵੀਂ ਜਮਾਤ ਦੇ 8 ਬੱਚੇ ਪਾਜ਼ੀਟਿਵ ਪਾਏ ਗਏ ਹਨ ਜਦਕਿ ਹੁਣ 12 ਬੱਚੇ ਕੈਲਾਸ਼ ਨਗਰ ਸਕੂਲ ਵਿੱਚ ਕੋਰੋਨਾ ਸੰਕ੍ਰਮਿਤ ਆਏ ਹਨ।
ਦੱਸ ਦਈਏ ਕਿ ਕਰੀਬ ਡੇਢ ਸਾਲ ਬਾਅਦ ਪੰਜਾਬ ਵਿੱਚ ਕੋਰੋਨਾ ਵਾਇਰਸ ਕੇਸਾਂ ਦੇ ਘਟਣ ਕਾਰਨ ਪੰਜਾਬ ਸਰਕਾਰ ਨੇ ਮੁੜ ਸਕੂਲ ਖੋਲ੍ਹਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਹੁਣ ਸਕੂਲਾਂ ‘ਚ ਮੁੜ ਤੋਂ ਰੌਣਕ ਪਰਤੀ ਸੀ ਪਰ ਸਕੂਲਾਂ ਦੀ ਰੌਣਕ ਜ਼ਿਆਦਾ ਸਮਾਂ ਨਾ ਰਹੀ ਅਤੇ ਕੋਰੋਨਾ ਦੀ ਨਜ਼ਰ ਸਕੂਲਾਂ ‘ਤੇ ਪੈ ਗਈ ਹੈ ਜਿਸ ਕਾਰਨ ਸਕੂਲਾਂ ਨੂੰ ਮੁੜ ਤੋਂ ਅਸਥਾਈ ਤੌਰ ਤੇ ਤਾਲੇ ਵੱਜਣੇ ਸ਼ੁਰੂ ਹੋ ਗਏ ਹਨ।
