ਲੁਧਿਆਣਾ ’ਚ ਦੁਪਹਿਰ ਤੋਂ ਸ਼ੁਰੂ ਹੋਇਆ ਕਰਫਿਊ, ਲੋਕਾਂ ਨੂੰ ਪਈਆਂ ਭਾਜੜਾਂ

ਪੰਜਾਬ ਵਿੱਚ ਵਧਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਮਿੰਨੀ ਲਾਕਡਾਊਨ ਲਾਇਆ ਹੋਇਆ ਹੈ। ਲੁਧਿਆਣਾ ਵਿੱਚ ਅੱਜ ਦੁਪਹਿਰ 12 ਵਜੇ ਤੋਂ ਜ਼ਿਲ੍ਹੇ ਅੰਦਰ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਪਿਛੋਂ ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ।

ਲੁਧਿਆਣਾ ਵਿੱਚ ਲੋਕਾਂ ਦੀ ਭਾਰੀ ਗਿਣਤੀ ਲੁਧਿਆਣਾ ਦੀਆਂ ਸੜਕਾਂ ’ਤੇ ਦੇਖੀ ਜਾ ਸਕਦੀ ਹੈ। ਲੁਧਿਆਣਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਦੁਪਹਿਰ 12 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਕਰਫਿਊ ਲਾਇਆ ਜਾਵੇਗਾ।
ਜ਼ਿਲ੍ਹੇ ਦੇ ਇਹ ਹੁਕਮ 17 ਮਈ ਤੱਕ ਜਾਰੀ ਰਹਿਣਗੇ। ਇਸ ਤੋਂ ਇਲਾਵਾ ਸਪਾ, ਕੋਚਿੰਗ ਸੈਂਟਰ, ਸਿਨੇਮਾ ਹਾਲ, ਬਾਰ, ਸਪੋਰਟਸ ਕੰਪਲੈਕਸਾਂ, ਬਾਰ ਆਦਿ ਸਭ ਕੁੱਝ ਪੂਰਨ ਤੌਰ ਤੇ ਬੰਦ ਰਹੇਗਾ। ਦੁੱਧ ਦੀ ਡਿਲਵਰੀ 7 ਦਿਨ ਜਾਰੀ ਰਹੇਗੀ, ਇਸ ਦਾ ਸਮਾਂ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਫਿਰ ਸ਼ਾਮ ਦੇ 5 ਵਜੇ ਤੋਂ ਰਾਤ ਦੇ 9 ਵਜੇ ਤੱਕ ਦਿੱਤੀ ਜਾ ਸਕੇਗੀ।
ਪ੍ਰਸ਼ਾਸਨ ਵੱਲੋਂ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
