ਲੁਧਿਆਣਾ ‘ਚ ਈਡੀ ਨੇ ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਲੁਧਿਆਣਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜ਼ੋਨਲ ਦਫ਼ਤਰ ਜਲੰਧਰ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਠੇਕੇਦਾਰ ਚਰਨਜੀਤ ਬਜਾਜ ਅਤੇ ਉਹਨਾਂ ਦੇ ਸਹਿਯੋਗੀਆਂ ਦੀ ਰਿਹਾਇਸ਼ ਅਤੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ।
ਬਜਾਜ ਪਰਿਵਾਰ ਅਤੇ ਉਹਨਾਂ ਦੇ ਸਹਿਯੋਗੀਆਂ ਦੇ 10 ਤੋਂ ਜ਼ਿਆਦਾ ਕੰਪਲੈਕਸਾਂ ਤੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਇਹ ਕਾਰਵਾਈ ਸੀਬੀਆਈ ਵੱਲੋਂ ਸਾਲ 2019 ਵਿੱਚ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਦੇ ਖਿਲਾਫ਼ ਦਰਜ ਮਾਮਲੇ ਦਾ ਨਤੀਜਾ ਹੈ ਜਿਸ ਵਿੱਚ ਬਜਾਜ ਅਤੇ ਉਹਨਾਂ ਦੀ ਪਤਨੀ ਡਾਇਰੈਕਟਰ ਸਨ।
ਇਸ ਕੰਪਨੀ ਨੇ ਕਥਿਤ ਤੌਰ ਤੇ ਸਟੇਟ ਬੈਂਕ ਆਫ ਇੰਡੀਆ ਨਾਲ 73.41 ਕਰੋੜ ਦੀ ਧੋਖਾਧੜੀ ਕੀਤੀ ਸੀ ਅਤੇ ਬੈਂਕ ਅਧਿਕਾਰੀਆਂ ਨੇ ਦਾਇਰ ਇੱਕ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਬਜਾਜ ਖਿਲਾਫ਼ ਦਰਜ ਕੀਤਾ ਅਤੇ ਉਹਨਾਂ ਤੇ ਛਾਪਾ ਵੀ ਮਾਰਿਆ ਸੀ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਈਡੀ ਕਾਰਵਾਈ ਦੌਰਾਨ ਉਕਤ ਮਾਮਲੇ ਸਬੰਧੀ ਮਨੀ ਲਾਂਡਰਿੰਗ ਐਕਟ ਦੇ ਐਂਗਲ ਤੋਂ ਛਾਣਬੀਣ ਕਰੇਗਾ।