ਲੁਧਿਆਣਾ ਕੋਰਟ ਕੰਪਲੈਕਸ ਧਮਾਕਾ ਮਾਮਲੇ ’ਚ NIA ਨੇ ਚਾਰਜਸ਼ੀਟ ਕੀਤੀ ਦਾਇਰ

ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਨੇ ਐਨਆਈਏ ਸਪੈਸ਼ਲ ਵਿੱਚ 5 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਮੁਕੱਦਮਾ ਡਵੀਜ਼ਨ-5, ਲੁਧਿਆਣਾ ਕਮਿਸ਼ਨਰੇਟ, ਪੰਜਾਬ ਵਿਖੇ ਦਰਜ ਕੀਤਾ ਗਿਆ ਸੀ ਅਤੇ ਐਨਆਈਏ ਵੱਲੋਂ 13 ਜਨਵਰੀ, 2022 ਨੂੰ ਦੁਬਾਰਾ ਮਾਮਲਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਵਿੱਚ ਪਾਇਆ ਗਿਆ ਹੈ ਕਿ ਪਾਕਿਸਤਾਨ ਵਿੱਚ ਸਥਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹੈਂਡਲਰ ਲਖਬੀਰ ਸਿੰਘ ਰੋਡੇ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਅਜਿਹੇ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸ ਨੇ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਮਿਲ ਕੇ ਤਸਕਰੀ ਕਰਨ, ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਧਮਾਕੇ ਕਰਨ ਲਈ ਭਾਰਤ ਆਧਾਰਿਤ ਕਾਰਕੁੰਨਾਂ ਦੀ ਭਰਤੀ ਕੀਤੀ।
ਪੰਜਾਬ ਵਿੱਚ ਅਜਿਹੇ ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਸਥਿਤ ਸਰਹੱਦ ਪਾਰ ਤੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਜ਼ੁਲਿਫ਼ਕਾਰ ਪਹਿਲਵਾਨ ਦੀ ਮਦਦ ਲਈ। ਉਸ ਨੇ ਭਾਰਤ ਵਿੱਚ ਧਮਾਕੇ ਕਰਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ।
ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਸਥਿਤ ਤਸਕਰ ਜ਼ੁਲਿਫ਼ਕਾਰ ਉਰਫ਼ ਪਹਿਲਵਾਨ ਅਤੇ ਉਸ ਦੇ ਸਾਥੀਆਂ ਸੁਰਮੁੱਖ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਸਮੱਗਲਿੰਗ ਚੈਨਲਾਂ ਦੀ ਵਰਤੋਂ ਗਗਨਦੀਪ ਸਿੰਘ ਨੂੰ ਆਈਈਡੀ ਪਹੁੰਚਾਉਣ ਲਈ ਕੀਤੀ ਸੀ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਧਮਾਕਾ ਕਰਨ ਲਈ ਉਸ ਨੂੰ ਲਾਇਆ ਸੀ।