ਲੀਡਰਾਂ ਦੇ ਚਲਦੇ ਪ੍ਰੋਗਰਾਮ ’ਚ ਪਹੁੰਚੇ ਕਿਸਾਨ, ਪਾੜ ਦਿੱਤੇ ਪੋਸਟਰ ਤੇ ਤੋੜੀਆਂ ਝੰਡੀਆਂ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਈ ਪਿੰਡਾਂ ਨੇ ਸਿਆਸੀ ਲੋਕਾਂ ਦਾ ਬਾਇਕਾਟ ਕਰ ਦਿੱਤਾ ਹੈ। ਪਰ ਇਸ ਦੇ ਬਾਵਜੂਦ ਕਈ ਪਿੰਡਾਂ ‘ਚ ਲੀਡਰ ਪ੍ਰੋਗਰਾਮ ਕਰ ਰਹੇ ਹਨ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸੰਗਰੂਰ ਦੇ ਪਿੰਡ ਨਮੋਲ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਕਿਸਾਨਾਂ ਨੇ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮ ਦਾ ਤਿੱਖਾ ਵਿਰੋਧ ਕੀਤਾ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਵੱਲੋਂ ਪਾਰਟੀ ਦੇ ਝੰਡੇ ਉਤਾਰ ਕੇ ਅੱਗ ‘ਚ ਸੁੱਟੇ ਜਾ ਰਹੇ ਹਨ।

ਇਸ ਮੌਕੇ ਕਿਸਾਨਾਂ ਅਤੇ ਪਾਰਟੀ ਵਰਕਰਾਂ ‘ਚ ਆਪਣੀ ਬਹਿਸ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ। ਇੱਕ ਪਾਸੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਦਿਨੀਂ ਮਤਾ ਪਾਇਆ ਗਿਆ ਸੀ ਜਿਸ ਮੁਤਾਬਕ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਇਕਾਟ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਪਿੰਡ ‘ਚ ਲੋਕ ਜਨਸ਼ਕਤੀ ਪਾਰਟੀ ਵੱਲੋਂ ਸਿਆਸੀ ਪ੍ਰੋਗਰਾਮ ਰੱਖਿਆ ਗਿਆ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ।
ਦੂਜੇ ਪਾਸੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਡਾ, ਅੰਬੇਦਕਰ ਦੇ ਮਿਸ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਸੀ ਪਰ ਕਿਸਾਨਾਂ ਵੱਲੋਂ ਉਹਨਾਂ ਦੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ ਗਿਆ ਅਤੇ ਪੋਸਟਰ ਪਾੜ ਕੇ ਅਤੇ ਝੰਡੀਆਂ ਉਤਾਰ ਕੇ ਸੁੱਟ ਦਿੱਤੀਆਂ ਗਈ ਅਤੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਗਈ।
ਦੱਸ ਦਈਏ ਕਿ ਕਿਸਾਨ ਅੰਦੋਲਨ ‘ਚ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਿਸਾਨ ਅੰਦੋਲਨ ‘ਚ ਡੱਟੇ ਬੈਠੇ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਮੋਦੀ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਪੰਜਾਬ ਦੇ ਕੁੱਝ ਪਿੰਡਾਂ ‘ਚ ਤਾਂ ਲੋਕਾਂ ਵੱਲੋਂ ਮਤੇ ਪਾਸ ਕੀਤੇ ਗਏ ਨੇ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਨੂੰ ਪਿੰਡ ‘ਚ ਨਹੀਂ ਵੜ੍ਹਨ ਦਿੱਤਾ ਜਾਵੇਗਾ।
ਜੇ ਕਿਸਾਨਾਂ ਨੂੰ ਆਪਣੇ ਪਿੰਡਾਂ ‘ਚ ਸਿਆਸੀ ਪ੍ਰੋਗਰਾਮ ਹੋਣ ਦੀ ਸੂਹ ਵੀ ਮਿਲਦੀ ਹੈ ਤਾਂ ਕਿਸਾਨ ਉਸ ਦਾ ਡੱਟ ਕੇ ਵਿਰੋਧ ਕਰ ਰਹੇ ਹਨ।
