ਲਿਫ਼ਾਫ਼ੇ ‘ਚ ਬੰਦ ਕਰਕੇ ਭੇਜਿਆ ਫੌਜੀ ਪੁੱਤ, ਪਰਿਵਾਰ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ

 ਲਿਫ਼ਾਫ਼ੇ ‘ਚ ਬੰਦ ਕਰਕੇ ਭੇਜਿਆ ਫੌਜੀ ਪੁੱਤ, ਪਰਿਵਾਰ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ

ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ ਫੌਜੀ ਜਵਾਨ ਅਮਰਪਾਲ ਸਿੰਘ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਫੌਜੀ ਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਏ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਦੀ ਬੇਕਦਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਸ ਦੀ ਲਾਸ਼ ਨੂੰ ਲਿਫ਼ਾਫ਼ੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਾਰ ਦਿੱਤਾ ਗਿਆ।

ਪਰਿਵਾਰ ਨੇ ਇਲਜ਼ਾਮ ਲਾਏ ਕਿ ਉਸ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਅੱਜ ਪਰਿਵਾਰ ਨੇ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਡੀਸੀ ਦਫ਼ਤਰ ਅੱਗੇ ਰੱਖ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਮ੍ਰਿਤਕ ਫੌਜੀ ਨੂੰ ਬਣਦਾ ਸਨਮਾਨ ਦਿੱਤਾ ਜਾਵੇ।

ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਦੇਸ਼ ਦੀ ਰੱਖਿਆ ਲਈ ਉਹਨਾਂ ਦਾ ਪੁੱਤਰ ਕਰੀਬ ਢਾਈ ਸਾਲ ਪਹਿਲਾਂ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ ਕੱਲ੍ਹ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਹੈ।

ਉਹਨਾਂ ਇਲਜ਼ਾਮ ਲਾਏ ਕਿ ਜਿਹੜੇ ਆਰਮੀ ਦੇ ਜਵਾਨ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਛੱਡਣ ਆਏ ਸੀ ਉਹ ਪਿੰਡ ਦੇ ਬਾਹਰ ਵਾਰ ਹੀ ਮ੍ਰਿਤਕ ਦੇਹ ਨੂੰ ਛੱਡ ਕੇ ਚਲੇ ਗਏ। ਮ੍ਰਿਤਕ ਦੇਹ ਨੂੰ ਲਿਫ਼ਾਫ਼ੇ ਵਿੱਚ ਬੁਰੇ ਤਰੀਕੇ ਨਾਲ ਲਪੇਟਿਆ ਹੋਇਆ ਸੀ ਅਤੇ ਉਹਨਾਂ ਦੇ ਪੁੱਤਰ ਦੇ ਸ਼ਰੀਰ ਦੀ ਬੇਕਦਰੀ ਕੀਤੀ ਗਈ ਹੈ।

ਉਹਨਾਂ ਨੇ ਅੱਜ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸਨ ਕਰ ਮੰਗ ਕਿਤੀ ਕਿ ਜਵਾਨ ਅਮਰਪਾਲ ਦੀ ਮੌਤ ਕਿਵੇਂ ਹੋਈ ਹੈ ਓਸਦੀ ਜਾਂਚ ਕੀਤੀ ਜਾਵੇ। ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਖੁਦਕੁਸ਼ੀ ਨਹੀਂ ਕਰ ਸਕਦਾ। ਉੁਨ੍ਹਾਂ ਮੰਗ ਕੀਤੀ ਕਿ ਜਵਾਨ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਜਦੋਂ ਤੱਕ ਉਨ੍ਹਾਂ ਨੂੰ ਸਰਕਾਰੀ ਸਨਮਾਨ ਨਹੀਂ ਮਿਲਦਾ ਓਦੋਂ ਤੱਕ ਜਵਾਨ ਦਾ ਸੰਸਕਾਰ ਨਹੀਂ ਕਿੱਤਾ ਜਵੇਗਾ।

Leave a Reply

Your email address will not be published.