News

ਲਾਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਵੀ ਸਾਹਮਣੇ ਆ ਚੁੱਕਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਜੇ ਪੰਜਾਬ ਵਿੱਚ ਕਿਸੇ ਵੀ ਕਿਸਮ ਦੀ ਤਾਲਾਬੰਦੀ ਨਹੀਂ ਕੀਤੀ ਜਾਵੇਗੀ।

ਉਹਨਾਂ ਦਸਿਆ ਕਿ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਲਾਬੰਦੀ ਕਰਨ ਲਈ ਕਿਹਾ ਗਿਆ ਸੀ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂ ਕਿ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਜੋ ਬੰਦਿਸ਼ਾਂ ਲਾਈਆਂ ਗਈਆਂ ਹਨ ਉਹਨਾਂ ਦੇ ਨਤੀਜੇ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਦਸ ਦਈਏ ਕਿ ਪੰਜਾਬ ਵਿੱਚ 15 ਮਈ ਤੱਕ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

ਇਹ ਹਨ ਹਦਾਇਤਾਂ

ਸਾਰੀਆਂ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ 15 ਮਈ ਤੱਕ ਰਹਿਣਗੀਆਂ ਬੰਦ

ਸੂਬੇ ਵਿੱਚ ਦਾਖ਼ਲ ਹੋਣ ਵਾਲੇ ਨੂੰ ਨੈਗੇਟਿਵ ਕੋਵਿਡ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫੀਕੇਟ ਦਿਖਾਉਣਾ ਲਾਜ਼ਮੀ

ਚਾਰ ਪਹੀਆ ਵਾਹਨ ਵਿੱਚ ਕੇਵਲ 2 ਵਿਅਕਤੀਆਂ ਨੂੰ ਸਫਰ ਕਰਨ ਦੀ ਪ੍ਰਵਾਨਗੀ ਹੋਵੇਗੀ, ਦੋ ਪਹੀਆ ਵਾਹਨ ਉੱਤੇ ਕੇਵਲ ਪਰਿਵਾਰਕ ਮੈਂਬਰ ਹੀ ਦੂਜੀ ਸਵਾਰੀ ਹੋ ਸਕਦਾ ਹੈ।

ਗ੍ਰਹਿ ਵਿਭਾਗ ਨੇ ਕੋਵਿਡ-19 ਸੰਬੰਧੀ ਅੱਜ ਵਾਧੂ ਪਾਬੰਦੀਆਂ ਲਗਾਈਆਂ ਹਨ ਜਿਸ ਤਹਿਤ ਗ਼ੈਰ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ।

ਗ੍ਰਹਿ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਜੋ ਕਿ ਪੂਰੇ ਸੂਬੇ ਵਿੱਚ 2 ਮਈ , 2021 ਤੋਂ 15 ਮਈ, 2021 ਤੱਕ ਸਖਤੀ ਨਾਲ ਲਾਗੂ ਰਹਿਣਗੇ ।

ਕੈਮਿਸਟ ਦੀਆਂ ਦੁਕਾਨਾਂ ਅਤੇ ਦੁਕਾਨਾਂ ਸਮੇਤ ਜ਼ਰੂਰੀ ਚੀਜ਼ਾਂ, ਦੁੱਧ, ਬਰੈਡ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ, ਮੋਬਾਈਲ ਰਿਪੇਅਰ ਆਦਿ ਨੂੰ ਕੋਵਿਡ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ ਪਰ ਇਹ ਸਭ ਵੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਅਧੀਨ ਹਨ। ਲੈਬਾਂ, ਨਰਸਿੰਗ ਹੋਮ ਅਤੇ ਹੋਰ ਸਾਰੇ ਮੈਡੀਕਲ ਅਦਾਰਿਆਂ `ਤੇ ਕੋਈ ਰੋਕ ਨਹੀਂ ਹੋਵੇਗੀ।

ਕੋਈ ਵੀ ਵਿਅਕਤੀ ਕੋਵਿਡ ਦੀ ਨੈਗੇਟਿਵ ਰਿਪੋਰਟ (72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ ) ਜਾਂ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇੱਕ ਖੁਰਾਕ) ਜੋ 2 ਹਫਤੇ ਤੋਂ ਵੱਧ ਪੁਰਾਣਾ ਨਾ ਹੋਵੇ, ਤੋਂ ਬਿਨਾਂ ਰਾਜ ਵਿੱਚ ਹਵਾਈ, ਰੇਲ ਜਾਂ ਸੜਕ ਰਾਹੀਂ ਦਾਖਲ ਨਹੀਂ ਹੋ ਸਕਦਾ।

ਕੋਵਿਡ ਪ੍ਰਬੰਧਨ ਵਿੱਚ ਸ਼ਾਮਲ ਅਧਿਕਾਰੀਆ ਤੋਂ ਬਿਨਾਂ ਸਾਰੇ ਸਰਕਾਰੀ ਦਫਤਰ ਅਤੇ ਬੈਂਕ 50% ਸਮਰੱਥਾ ਨਾਲ ਕੰਮ ਕਰਨਗੇ। ਬੁਲਾਰੇ ਨੇ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਕੋਵਿਡ ਪ੍ਰਬੰਧਨ ਅਤੇ ਸਬੰਧਤ ਡਿਊਟੀਆਂ ਲਈ ਕਿਸੇ ਵੀ ਅਧਿਕਾਰੀ ਦੀਆਂ ਸੇਵਾਵਾਂ ਲੈਣ ਲਈ ਅਧਿਕਾਰਤ ਹਨ।

ਕਾਰ ਅਤੇ ਟੈਕਸੀਆਂ ਸਮੇਤ ਸਾਰੇ ਫੋਰ-ਵ੍ਹੀਲਰ  ਵਾਹਨਾਂ ਵਿੱਚ 2 ਤੋਂ ਵੱਧ ਯਾਤਰੀਆਂ ਨੂੰ ਬੈਠਣ ਦੀ ਆਗਿਆ ਨਹੀਂ  ਹੈ। ਹਾਲਾਂਕਿ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਾਲੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।

ਇਸੇ ਤਰ੍ਹਾਂ ਸਕੂਟਰਾਂ ਅਤੇ ਮੋਟਰਸਾਈਕਲਾਂ `ਤੇ ਪਰਿਵਾਰਕ ਮੈਂਬਰ ਤੋਂ ਇਲਾਵਾ ਕਿਸੇ ਵੀ ਹੋਰ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੈ ।

ਇਸੇ ਤਰ੍ਹਾਂ ਵਿਆਹ / ਸਸਕਾਰ ਆਦਿ ਰਸਮਾਂ ਸਮੇਂ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਪਿੰਡਾਂ ਨੂੰ ਠੀਕਰੀ ਪਹਿਰਾ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ ‘ਨਾਈਟ ਕਰਫਿਊ’ ’ਅਤੇ ‘ਵੀਕੈਂਡ ਕਰਫਿਊ ’ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਸਕ ਅਤੇ ਸਬਜ਼ੀ ਮੰਡੀਆਂ ਵਿੱਚ ਸਮਾਜਕ ਦੂਰੀ ਕਾਇਮ ਰੱਖੀ ਜਾ ਸਕੇ  ਕਿਉਂ ਕਿ ਸਬਜ਼ੀ ਮੰਡੀਆਂ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲ੍ਹੀਆਂ ਰਹਿਣਗੀਆਂ।

ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲਾਂ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਰੱਖਿਆ ਜਾਵੇ।   

ਆਦੇਸ਼ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਧਾਰਮਿਕ ਸਥਾਨਾਂ ਨੂੰ ਰੋਜ਼ਾਨਾ ਸ਼ਾਮ 6 ਵਜੇ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਆਦਿ ਵਿੱਚ ਘੱਟ ਤੋਂ ਘੱਟ ਭੀੜ ਹੋਵੇ।

Click to comment

Leave a Reply

Your email address will not be published. Required fields are marked *

Most Popular

To Top