ਲਾਕਡਾਊਨ ਤੇ ਕੋਰੋਨਾ ਵਾਇਰਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਸੁਕਾਏ ਸਾਹ

ਪੰਜਾਬ ਵਿੱਚ ਵੀ ਕੋਰੋਨਾ ਨੂੰ ਲੈ ਕੇ ਹਾਲਾਤ ਬਹੁਤ ਵਿਗੜ ਰਹੇ ਹਨ। ਹਰ ਕਿਸੇ ਨੂੰ ਅਪਣੀ ਤੇ ਅਪਣੇ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਐਤਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬਾਕੀ ਦਿਨ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਇਹਨਾਂ ਪਾਬੰਦੀਆਂ ਨੇ ਪਰਵਾਸੀ ਮਜ਼ਦੂਰਾਂ ਦੇ ਸਾਹ ਸੁਕਾ ਦਿੱਤੇ ਹਨ।

ਮਜ਼ਦੂਰਾਂ ਨੇ ਅਪਣੇ ਪਿਤਰੀ ਰਾਜਾਂ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੰਮ੍ਰਿਤਸਰ ਤੋਂ ਲਗਭਗ 30 ਫ਼ੀਸਦ ਪਰਵਾਸੀ ਮਜ਼ਦੂਰ ਅਪਣੇ ਵਿਚਾਰਾਂ ਸਮੇਤ ਅਪਣੇ ਸੂਬਿਆਂ ਨੂੰ ਪਰਤ ਚੁੱਕੇ ਹਨ ਅਤੇ ਬਾਕੀ ਵੀ ਜਾ ਰਹੇ ਹਨ। ਇਹ ਪ੍ਰਵਾਸੀ ਮਜ਼ਦੂਰ ਅੰਮ੍ਰਿਤਸਰ ਵਿੱਚ ਫੈਕਟਰੀਆਂ ਵੱਚ ਕੰਮ ਕਰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਟ੍ਰੇਨ ਪਹਿਲਾਂ ਮਿਲੀ ਉਹ ਉਸੇ ਵਿੱਚ ਹੀ ਚਲੇ ਜਾਣਗੇ ਕਿਉਂ ਕਿ ਇੱਥੇ ਉਹਨਾਂ ਨੂੰ ਹੁਣ ਕੋਈ ਕੰਮ ਨਹੀਂ ਮਿਲ ਰਿਹਾ। ਜਦੋਂ ਪਿਛਲੇ ਸਾਲ ਲਾਕਡਾਊਨ ਹੋਇਆ ਸੀ ਤਾਂ ਉਹਨਾਂ ਅਪਣੇ ਪਿੰਡਾਂ ਤੋਂ ਪੈਸੇ ਮੰਗਵਾਏ ਸਨ ਅਤੇ ਉਹ ਬੁਰੀ ਤਰ੍ਹਾਂ ਕਰਜ਼ੇ ਹੇਠ ਆ ਗਏ ਸਨ।
ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਤਾਲਾਬੰਦੀ ਤੋਂ ਗੁਰੇਜ਼ ਕਰਨ ਅਤੇ ਇਸ ਨੂੰ ਆਖਰੀ ਵਿਕਲਪ ਵਜੋਂ ਵਰਤਣ ਦੀ ਸਲਾਹ ਦਿੱਤੀ ਹੈ। ਪਿਛਲੇ ਸਾਲ ਲਾਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕ ਰੇਲ, ਬੱਸਾਂ ਤੇ ਘਰਾਂ ਨੂੰ ਪਰਤ ਰਹੇ ਸਨ ਪਰ ਕਈਆਂ ਕੋਲ ਇਸ ਦਾ ਪ੍ਰਬੰਧ ਨਾ ਹੋ ਸਕਿਆ ਤਾਂ ਉਹਨਾਂ ਨੇ ਪੈਦਲ ਹੀ ਜਾਣਾ ਸਹੀ ਸਮਝਿਆ।
