ਲਤੀਫਪੁਰਾ ‘ਚ ਉਜਾੜੇ ਨੂੰ ਲੈ ਕੇ ਜਨਤਕ ਜਥੇਬੰਦੀਆਂ ਨੇ ਅੱਜ ਤੋਂ ਸ਼ੁਰੂ ਕੀਤਾ ਐਕਸ਼ਨ

ਲਤੀਫਪੁਰਾ ਵਿੱਚ ਲੋਕਾਂ ਦੇ ਘਰ ਢਾਹੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਕਿਸਾਨ ਤੇ ਸਮਾਜਿਕ ਜੱਥੇਬੰਦੀਆਂ ਵੀ ਮੈਦਾਨ ਵਿੱਚ ਉੱਤਰ ਆਈਆਂ ਹਨ। ਇਸ ਤਹਿਤ ਅੱਜ ਤੋਂ ਅਗਲੇ ਤਿੰਨ ਦਿਨ 18,19 ਤੇ 20 ਦਸੰਬਰ ਨੂੰ ਵੱਖ-ਵੱਖ ਜੱਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਜਲੰਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਲੰਧਰ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੋਆਬਾ ਰਿਜਨ ਵੱਲੋਂ ਲਤੀਫਪੁਰਾ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਉਜਾੜੇ ਖਿਲਾਫ਼ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸ਼ਨੀਵਾਰ ਦੇਰ ਸ਼ਾਮ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲਤੀਫਪੁਰਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਪਿੰਡਾਂ ਵਿੱਚ ਜਦੋਂ ਵੀ ਆਪ ਦੇ ਵਿਧਾਇਕ ਤੇ ਮੰਤਰੀ ਆਉਣ ਤਾਂ ਲੋਕ ਉਹਨਾਂ ਨੂੰ ਘੇਰ ਕੇ ਲਤੀਫਪੁਰਾ ਵਿੱਚ ਕੀਤੇ ਉਜਾੜੇ ਬਾਰੇ ਸਵਾਲ ਕਰਨ।
ਉਹਨਾਂ ਕਿਹਾ ਕਿ ਲਤੀਫਪੁਰਾ ਵਿਚੋਂ ਉਜਾੜੇ ਲੋਕਾਂ ਦੇ ਘਰ ਉਸੇ ਥਾਵਾਂ ਤੇ ਬਣਾਏ ਜਾਣਗੇ। ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣਗੇ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ ਰੋਸ ਵਿਖਾਵੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੁਸ਼ਿਆਰਪੁਰ ਤੋਂ ਅਤੇ ਸੰਯੁਕਤ ਕਿਸਾਨ ਮੋਰਚਾ ਚੱਬੇਵਾਲ-ਮਾਹਿਲਪੁਰ ਤੋਂ ਸ਼ਾਮਲ ਹੋਣਗੇ।