ਲਤੀਫਪੁਰਾ ‘ਚੋਂ ਉਜਾੜੇ ਲੋਕਾਂ ਵੱਲੋਂ ਨਵੇਂ ਸਾਲ ’ਤੇ ਕੀਤਾ ਜਾਵੇਗਾ ਵੱਡਾ ਐਕਸ਼ਨ

ਜਲੰਧਰ ਵਿੱਚ ਲੋਕਾਂ ਦੇ ਘਰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਰਕਾਰ ਨੇ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਲੋਕਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਦੇ ਨਾਲ ਹੀ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵੱਲੋਂ ਉਸੇ ਥਾਂ ਵੱਸਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਅਜੇ ਮੰਗ ਮਨਣ ਦੇ ਰੌਂਅ ਵਿੱਚ ਨਹੀਂ ਹੈ। ਇਸ ਲਈ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵੱਲੋਂ 1 ਜਨਵਰੀ ਨੂੰ ਪੀਏਪੀ ਚੌਂਕ ਜਾਮ ਕਰਨ ਦਾ ਐਲਾਨ ਕੀਤਾ ਹੈ।
ਮੋਰਚੇ ਵੱਲੋਂ ਮੰਗਲਵਾਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਇੰਟਰਨੈਸਨਲ ਪੰਥਕ ਪ੍ਰਸਿੱਧ ਕਵੀਸ਼ਰੀ ਜੱਥਾ ਵੱਲੋਂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਜੱਥੇਬੰਦੀਆਂ ਤੇ ਪੀੜਤ ਲੋਕਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਕਲਪ ਲਿਆ ਕਿ ਉਜਾੜੇ ਵਾਲੀ ਥਾਂ ਤੇ ਹੀ ਲਤੀਫਪੁਰਾ ਦਾ ਮੁੜ ਵਸੇਬਾ ਕਰਵਾਉਣ, ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਜੀਪੀ ਤੇਜਾ ਖਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਰਚੇ ਵੱਲੋਂ 1 ਜਨਵਰੀ ਨੂੰ ਪੀਏਪੀ ਚੌਂਕ ਵਿੱਚ ਜਾਪ ਕੀਤਾ ਜਾਵੇਗਾ।