ਲਗਾਤਾਰ ਪੈ ਰਹੇ ਮੀਂਹ ਨੇ ਫਿਰ ਤੋਂ ਵਧਾਈ ਠੰਡ, ਚੱਲੀਆਂ ਠੰਡੀਆਂ ਹਵਾਵਾਂ

ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਚਾਰੇ ਪਾਸੇ ਠੰਡ ਦਾ ਮਾਹੌਲ ਬਣਾ ਦਿੱਤਾ ਹੈ। ਉੱਥੇ ਹੀ ਭਾਰਤ ਦੇ ਕਈ ਸੂਬਿਆਂ ਵੱਚ ਹਨ੍ਹੇਰੀ ਦੇ ਨਾਲ ਝੱਖੜ ਦੇ ਆਸਾਰ ਬਣੇ ਹੋਏ ਹਨ। ਉੱਥੇ ਹੀ ਭਾਰੀ ਮੀਂਹ ਵੀ ਦਸਿਆ ਗਿਆ ਹੈ। ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪੱਛਮੀ ਗੜਬੜੀ ਵਾਲਾ ਮਾਹੌਲ ਬਣ ਰਿਹਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਦਰਮਿਆਨੇ ਹਿੱਸੇ ਵਿੱਚ ਚੱਕਰਵਾਤੀ ਹਵਾਵਾਂ ਵੀ ਚੱਲ ਰਹੀਆਂ ਹਨ। ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਵਿੱਚ ਵੀ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਅੱਜ ਸ਼ੁੱਕਰਵਾਰ ਨੂੰ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਾਰਾ ਦਿਨ ਬੱਦਲ਼ ਛਾਏ ਰਹਿਣਗੇ ਤੇ ਮੀਂਹ ਵੀ ਪੈਂਦਾ ਰਹੇਗਾ।
ਮੌਸਮ ਵਿਭਾਗ ਅਨੁਸਾਰ ਝਾਰਖੰਡ, ਪੱਛਮੀ ਬੰਗਾਲ, ਓੜੀਸ਼ਾ, ਛੱਤੀਸਗੜ੍ਹ, ਵਿਦਰਭ, ਤੇਲੰਗਾਨਾ, ਤੱਟੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਤਾਮਿਲ ਨਾਡੂ, ਪੁੱਡੂਚੇਰੀ, ਕੇਰਲ ’ਚ ਵੀ ਵਰਖਾ ਹੋ ਸਕਦੀ ਹੈ। ਉੱਧਰ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ’ਚ ਵੀ ਮੀਂਹ ਦੇ ਆਸਾਰ ਹਨ।
ਵਿਭਾਗ ਨੇ ਇਨ੍ਹਾਂ ਸਾਰੇ ਰਾਜਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਸਕਾਈਮੈਟ ਵੈਦਰ ਮੁਤਾਬਕ ਪਹਾੜਾਂ ਤੇ ਇੱਕ ਵਾਰ ਫਿਰ ਪੱਛਮੀ ਗੜਬੜੀ ਫਿਰ ਤੋਂ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਵੇਖਣ ਨੂੰ ਮਿਲੇਗਾ।
