ਲੁਧਿਆਣਾ: ਜਲੰਧਰ ਦੀ ਬਹਾਦਰ ਕੁਸੁਮ ਨੇ ਲੁਟੇਰਿਆਂ ਦਾ ਡੱਟ ਕੇ ਸਾਹਮਣਾ ਕਰ ਕੇ ਹਰ ਪਾਸੇ ਅਪਣਾ ਨਾਮਨਾ ਖੱਟ ਲਿਆ ਹੈ। ਬਹਾਦਰ ਬੱਚੀ ਕੁਸੁਮ ਤੋਂ ਹਰ ਕੋਈ ਪ੍ਰਭਾਵਿਤ ਹੋਇਆ ਹੈ। ਕੁਸੁਮ ਦੀ ਹਰ ਕੋਈ ਤਾਰੀਫ ਕਰਦਾ ਨਹੀਂ ਥੱਕ ਰਿਹਾ। ਹੁਣ ਲੋਕ ਇਨਸਾਫ ਪਾਰਟੀ (ਲਿਪ) ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀਂ ਦੋ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਜਲੰਧਰ ਦੀ 15 ਸਾਲਾ ਕੁੜੀ ਕੁਸਮ ਦਾ ਗੋਲਡ ਮੈਡਲ ਨਾਲ ਜਲਦ ਹੀ ਸਨਮਾਨ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਬਹਾਦਰੀ ਨਾਲ ਕੁਸਮ ਨੇ ਹਥਿਆਰਬੰਦ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰੇ ਨੂੰ ਕਾਬੂ ਕੀਤਾ ਜਿਸ ਕਾਰਨ ਉਸ ਦਾ ਗੁੱਟ ਵੀ ਵੱਢਿਆ ਗਿਆ, ਇਕ ਬਹਾਦਰੀ ਵਾਲਾ ਕਦਮ ਹੈ ਅਤੇ ਇਸ ਤੋਂ ਆਮ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਹੁਣ ਇਸ ਸੀਨੀਅਰ ਅਕਾਲੀ ਆਗੂ ਦਾ ਫੇਸਬੁੱਕ ਅਕਾਉਂਟ ਹੋਇਆ ਹੈਕ, ਪੈ ਗਈਆਂ ਭਾਜੜਾਂ
ਬੈਂਸ ਨੇ ਉਨ੍ਹਾਂ ਡਾਕਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬਹਾਦਰ ਅਤੇ ਗਰੀਬ ਕੁੜੀ ਦੇ ਗੁੱਟ ਦਾ ਆਪ੍ਰੇਸ਼ਨ ਬਿਨਾਂ ਕੋਈ ਫੀਸ ਲਏ ਕੀਤਾ। ਦਸ ਦਈਏ ਕਿ ਸ਼ਹਿਰ ਦੇ ਦੀਨਦਿਆਲ ਉਪਧਿਆਏ ਨਗਰ ਵਿਚ ਐਤਵਾਰ ਦੁਪਹਿਰ ਨੂੰ ਅੱਠਵੀਂ ਵਿਚ ਪੜ੍ਹਨ ਵਾਲੀ 15 ਸਾਲ ਦੀ ਤਾਈਕਵਾਂਡੋ ਖਿਡਾਰਨ ਕੁਸੁਮ ਨੇ ਮੋਟਸਾਈਕਲ ਸਵਾਰ ਲੁਟੇਰਿਆਂ ਦੇ ਛੱਕੇ ਛੁਡਾ ਦਿੱਤੇ।
ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਕਰੀਬ ਸਵਾ ਮਿੰਟ ਤਕ ਲੁਟੇਰਿਆਂ ਨਾਲ ਲੜਦੀ ਰਹੀ। ਲੁਟੇਰਿਆਂ ਨੇ ਦਾਤਰ ਨਾਲ ਕੁਸੁਮ ਦਾ ਗਲਾ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਬਚਾਅ ਵਿਚ ਉਸ ਦਾ ਹੱਥ ਕੱਟਿਆ ਗਿਆ, ਫਿਰ ਵੀ ਉਸ ਨੇ ਇਕ ਲੁਟੇਰੇ ਨੂੰ ਨਹੀਂ ਛੱਡਿਆ। ਇਸ ਝੜਪ ਤੋਂ ਬਾਅਦ ਕੁਸੁਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਹੱਥ ਦਾ ਆਪਰੇਸ਼ਨ ਕੀਤਾ ਗਿਆ। ਪੁਲਿਸ ਨੇ ਮੁਲਜ਼ਿਮਾਂ ਖਿਲਾਫ ਲੁੱਟ ਦੇ ਨਾਲ-ਨਾਲ ਹਮਲਾ ਕਰਨ ਦਾ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
