ਰੋਪੜ ਪਿੰਡਾਂ ਦੀ ਬਿਜਲੀ 8 ਘੰਟੇ ਕਰਨ ਤੇ ਚਿੱਪ ਵਾਲੇ ਮੀਟਰ ਖ਼ਿਲਾਫ਼ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਜਾਰੀ

ਪਾਵਰ ਕਲੋਨੀ, ਬਿਜਲੀ ਵਿਭਾਗ ਸਾਹਮਣੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਕੰਡੀ ਏਰੀਆ ਨੂੰ 24 ਘੰਟੇ ਜੋ ਕਿ ਗਿਆਨੀ ਜੈਲ ਸਿੰਘ ਵੱਲੋਂ ਦਿੱਤੀ ਗਈ ਸੀ ਪਰ ਸੂਬਾ ਸਰਕਾਰ ਬਿਜਲੀ ਵਿਭਾਗ ਪਿੰਡਾਂ ਵਿੱਚ ਮੋਟਰਾਂ ਦੀ ਬਿਜਲੀ ਲਾਈਨ ਵੱਖਰੀ ਕਰ ਕੇ ਮੋਟਰਾਂ ਦੀ ਬਿਜਲੀ 8 ਘੰਟੇ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਖੰਭੇ ਲਾ ਕੇ ਵੱਖਰੀ ਲਾਈਨ ਪਾਈ ਜਾ ਰਹੀ ਹੈ।

ਮੋਹਾਲੀ ਇਲਾਕੇ ਵਿੱਚ ਚਿੱਪ ਵਾਲੇ ਮੀਟਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ, ਅਵਤਾਰ ਸਿੰਘ ਪੁਰਖਾਲੀ, ਗੁਰਮੇਲ ਸਿੰਘ ਬਾੜਾ ਨੇ ਕਿਹਾ ਕਿ, “ਸੂਬਾ ਸਰਕਾਰ ਦੀ ਇਹ ਨੀਤੀ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਕ ਪਾਸੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ਼।”
“ਜੇ ਇਹ ਬਿਜਲੀ 8 ਘੰਟੇ ਕੀਤੀ ਗਈ ਤਾਂ ਇਸ ਇਲਾਕੇ ਦੀ ਸਾਰੀ ਖੇਤੀਬਾੜੀ ਤਬਾਹ ਹੋ ਜਾਵੇਗੀ। ਇਸ ਲਈ ਸੂਬਾ ਸਰਕਾਰ ਨੂੰ ਖੰਭੇ ਲਾਉਣੇ ਬੰਦ ਕਰਾਉਣੇ ਚਾਹੀਦੇ ਹਨ ਅਤੇ ਬਿਜਲੀ ਵਿਭਾਗ ਦੇ ਅਫ਼ਸਰਾਂ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।”
ਆਗੂਆਂ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਵਿੱਚ ਖੇਤੀ ਘੱਟ ਹੁੰਦੀ ਹੈ ਅਤੇ ਕੰਢੀ ਖੇਤਰ ਵਿੱਚ ਪਾਣੀ ਦਾ ਪੱਧਰ ਵੀ ਘੱਟ ਹੈ। ਜੇ ਬਿਜਲੀ 8 ਘੰਟੇ ਹੁੰਦੀ ਹੈ ਤਾਂ ਖੇਤਾਂ ਵਿੱਚ ਪਾਣੀ ਨਹੀਂ ਲੰਘ ਸਕੇਗਾ ਅਤੇ ਖੇਤੀਬਾੜੀ ਤਬਾਹ ਹੋ ਜਾਵੇਗੀ। ਪਿੰਡਾਂ ਵਿੱਚ ਹੋ ਰਹੀਆਂ ਕਾਰਵਾਈਆਂ ਜਲਦ ਤੋਂ ਜਲਦ ਰੋਕ ਦਿੱਤੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜਗਮਨਦੀਪ ਸਿੰਘ ਪੜੀ, ਗੁਰਦੇਵ ਸਿੰਘ ਬਾਗ਼ੀ, ਕੁਲਵਿੰਦਰ ਸਿੰਘ ਪੰਜੋਲਾ, ਸਤਨਾਮ ਸਿੰਘ ਮਾਜਰੀ, ਰੁਪਿੰਦਰ ਸਿੰਘ ਰੁਪਾ, ਤਰਲੋਚਨ ਸਿੰਘ ਹੂਸੈਨਪੁਰ, ਕਰਨੈਲ ਸਿੰਗ ਲਖਮੀਪੁਰ, ਸੁਖਦੇਵ ਸਿੰਘ ਅਤੇ ਹੋਰ ਸਾਰੇ ਆਗੂ ਤੇ ਇਲਾਕਾ ਨਿਵਾਸੀ ਮੌਜੂਦ ਸਨ।
