ਰੇਲਵੇ ਵਿਭਾਗ ਦਾ ਫ਼ੈਸਲਾ, ਟ੍ਰੇਨ ਅੰਦਰ ਮਾਸਕ ਨਾ ਪਾਉਣ ’ਤੇ ਲੱਗੇਗਾ ਇੰਨਾ ਜ਼ੁਰਮਾਨਾ

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਰੇਲਵੇ ਸਟੇਸ਼ਨ ਅਤੇ ਰੇਲ ਗੱਡੀ ਅੰਦਰ ਮਾਸਕ ਨਾ ਲਾਉਣ ਵਾਲਿਆਂ ਤੇ ਸਖ਼ਤੀ ਵਧਾ ਦਿੱਤੀ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਯਾਤਰੀ ਬਿਨਾਂ ਮਾਸਕ ਪਾਏ ਰੇਲ ਗੱਡੀ ਵਿੱਚ ਯਾਤਰਾ ਕਰਦਾ ਹੈ ਤਾਂ ਉਸ ’ਤੇ 500 ਰੁਪਏ ਜ਼ੁਰਮਾਨਾ ਲਾਇਆ ਜਾਵੇਗਾ।

ਰੇਲਵੇ ਵਿਭਾਗ ਨੇ ਸਾਰੇ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਜਾਰੀ ਕੀਤੇ ਇੱਕ ਹੁਕਮ ਵਿੱਚ ਕਿਹਾ ਕਿ ਸਾਰੇ ਯਾਤਰੀਆਂ ਨੂੰ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਅਤੇ ਰੇਲਗੱਡੀ ਵਿੱਚ ਯਾਤਰਾ ਕਰਨ ਸਮੇਂ ਮਾਸਕ ਲਾਉਣ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ, ਰੇਲਵੇ ਨੇ ਸਵੱਛਤਾ ਨੂੰ ਧਿਆਨ ਵਿਚ ਰੱਖਦਿਆਂ ਯਾਤਰੀਆਂ ਜਾਂ ਹੋਰ ਸਟਾਫ ਦੁਆਰਾ ਥੁੱਕਣ ਉਤੇ ਪਾਬੰਦੀ ਵੀ ਲਗਾਈ ਹੈ।
ਰੇਲਵੇ ਨੇ ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਜਿਵੇਂ ਥੁੱਕਣਾ ਅਤੇ ਮਾਸਕ ਨਾ ਲਗਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਆਦੇਸ਼ ਰੇਲਵੇ ਨੇ ਅਗਲੇ 6 ਮਹੀਨਿਆਂ ਲਈ ਜਾਰੀ ਕੀਤਾ ਹੈ।
ਕੋਰੋਨਾ ਵਾਇਰਸ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਪੀੜਤਾਂ ਦੀ ਗਿਣਤੀ 1 ਕਰੋੜ 45 ਲੱਖ 26 ਹਜ਼ਾਰ 609 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2,34,692 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1341 ਲੋਕਾਂ ਦੀ ਮੌਤ ਹੋ ਚੁੱਕੀ ਹੈ।
