ਜ਼ਮਾਨਤ ਤੋਂ ਬਾਅਦ ਦੀਪ ਸਿੱਧੂ ਫਿਰ ਤੋਂ ਹੋਇਆ ਗ੍ਰਿਫ਼ਤਾਰ

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਹੋ ਗਈ ਹੈ ਅਤੇ ਉਹਨਾਂ ਦੀ ਰਿਹਾਈ ਹੋਣੀ ਸੀ। ਰਿਹਾਈ ਹੋਣ ਤੋਂ ਪਹਿਲਾਂ ਹੀ ਉਸ ਨੂੰ ਮੁੜ ਤੋਂ ਗ੍ਰਿਫ਼ਤਾਰਾ ਕਰ ਲਿਆ ਗਿਆ ਹੈ। ਏਐਸਆਈ ਵਿਭਾਗ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਕੋਲ ਪਹਿਲਾਂ ਹੀ ਦਰਜ ਮਾਮਲੇ ਦੇ ਆਧਾਰ ਤੇ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਸ ਦਈਏ ਕਿ ਦਿੱਲੀ ਸਥਿਤ ਸਥਾਨਕ ਕੋਰਟ ਤੋਂ ਲਾਲ ਕਿਲ੍ਹਾ ਹਿੰਸਾ ਨਾਲ ਜੁੜੇ ਇਕ ਪੁਰਾਣੇ ਮਾਮਲੇ ਵਿੱਚ ਦੀਪ ਸਿੱਧੂ ਨੂੰ ਜ਼ਮਾਨਤ ਦਿੱਤੀ ਗਈ ਸੀ ਪਰ ਦੂਜੇ ਮਾਮਲੇ ਵਿੱਚ ਉਸ ਨੂੰ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵਲੋਂ 26 ਜਨਵਰੀ ਦੇ ਦਿਨ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਮੁੱਖ ਦੋਸ਼ੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਤੋਂ ਅੱਜ ਹੀ ਸਵੇਰੇ ਜ਼ਮਾਨਤ ਮਿਲੀ ਸੀ।
ਉਸ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਬਾਂਡ ‘ਤੇ ਜ਼ਮਾਨਤ ਦਿੱਤੀ ਗਈ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ।
