ਰੇਲਵੇ ਟਰੈਕ ’ਤੇ ਕਿਸਾਨਾਂ ਦਾ ਧਰਨਾ ਜਾਰੀ, ਸੋਮਵਾਰ ਨੂੰ 25 ਰੇਲਾਂ ਰੱਦ ਅਤੇ ਕਈਆਂ ਦੇ ਬਦਲੇ ਰੂਟ

ਪੰਜਾਬ ਵਿੱਚ ਗੰਨੇ ਦੀ ਰੇਟ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ ਹੈ। ਗੰਨਾ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਲੈਣ ਅਤੇ ਗੰਨੇ ਦੇ ਰੇਟ ਵਿੱਚ ਵਾਧੇ ਨੂੰ ਲੈ ਕੇ ਪਰਸੋਂ ਰੋਜ਼ ਤੋਂ ਜਲੰਧਰ ਨੇੜੇ ਨੈਸ਼ਨਲ ਹਾਈਵੇਅ ਜਾਮ ਕੀਤਾ ਹੋਇਐ, ਜਿਸ ਤੋਂ ਬਾਅਦ ਕੱਲ ਵਿਰੋਧ ਕਰ ਰਹੇ ਕਿਸਾਨਾਂ ਨੇ ਕਈ ਥਾਈ ਰੇਲਵੇ ਟਰੈਕ ਜਾਮ ਕਰ ਦਿੱਤੇ ਸੀ, ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਰਹੀਆਂ ਹਨ ਕਿ ਗੰਨੇ ਦਾ ਭਾਅ ਵਧਾ ਕੇ 400 ਕੀਤਾ ਜਾਵੇ।

ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਅੰਮ੍ਰਿਤਸਰ, ਜੰਮੂ ਅਤੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਵੱਲ ਜਾਣ ਵਾਲੀਆਂ ਰੋਜ਼ਾਨਾ ਰੇਲ ਗੱਡੀਆਂ ਰੱਦ ਕਰ ਰਿਹਾ ਹੈ। ਐਤਵਾਰ ਨੂੰ 37 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਇਸ ਦੇ ਨਾਲ ਹੀ 23 ਅਗਸਤ ਸੋਮਵਾਰ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੇਲਵੇ ਨੇ ਯੋਜਨਾਬੱਧ ਤਰੀਕੇ ਨਾਲ ਸ਼ਾਮ 4 ਵਜੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰਨ ਅਤੇ ਬਦਲੇ ਹੋਏ ਰੂਟਾਂ ਤੋਂ ਕੁਝ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਹਰੀ ਮੋਹਨ ਨੇ ਦੱਸਿਆ ਕਿ ਟ੍ਰੇਨ ਨੰਬਰ 22439/40 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ, 01077 ਪੁਣੇ-ਜਮੁਤਵੀ ਜੇਹਲਮ ਐਕਸਪ੍ਰੈਸ, 02014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02026 ਅੰਮ੍ਰਿਤਸਰ-ਨਾਗਪੁਰ, 02029/30 ਨਵੀਂ ਦਿੱਲੀ -ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02054/53 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਇੰਟਰਸਿਟੀ, ਟ੍ਰੇਨ ਨੰਬਰ 02919 ਡਾ ਅੰਬੇਡਕਰ ਨਗਰ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ,
02421 ਅਜਮੇਰ-ਜੰਮੂ, 04034 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਦਿੱਲੀ ਜੰਮੂ ਮੇਲ, 04503/04 ਅੰਬਾਲਾ -ਲੁਧਿਆਣਾ-ਅੰਬਾਲਾ, 04067/68 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ, 04078 ਦਿੱਲੀ-ਪਠਾਨਕੋਟ-ਦਿੱਲੀ, 04665/66 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ, 04671 ਬਾਂਦਰਾ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ, 04681/ 82 ਨਵੀਂ ਦਿੱਲੀ-ਜਲੰਧਰ-ਨਵੀਂ ਦਿੱਲੀ ਇੰਟਰਸਿਟੀ, 04692 ਅੰਮ੍ਰਿਤਸਰ-ਨਾਂਦੇੜ, 05733 ਕਟਿਹਾਰ-ਅੰਮ੍ਰਿਤਸਰ ਰੱਦ ਰਹਿਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਰੈਕ ਦੀ ਅਣਹੋਂਦ ਕਾਰਨ ਟ੍ਰੇਨ ਨੰਬਰ 05653 ਗੁਹਾਟੀ-ਜਮੁਤਵੀ 25 ਅਗਸਤ ਨੂੰ ਰੱਦ ਰਹੇਗੀ।
