ਰੂਸ ਦੀਆਂ ਵਧੀਆਂ ਮੁਸ਼ਕਿਲਾਂ, ਵਿੰਟਰ ਪੈਰਾਲੰਪਿਕਸ ‘ਚ ਰੂਸ ਅਤੇ ਬੇਲਾਰੂਸ ਦੇ ਐਥਲੀਟਾਂ ‘ਤੇ ਲਾਈ ਰੋਕ

ਯੂਕਰੇਨ ਤੇ ਰੂਸੀ ਫੌਜ ਦੇ ਹਮਲੇ ਤੋਂ ਬਾਅਦ ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਵੱਡਾ ਫ਼ੈਸਲਾ ਕੀਤਾ ਹੈ। ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਨੇ ਵਿੰਟਰ ਪੈਰਾਲੰਪਿਕਸ ਵਿੱਚ ਰੂਸ ਅਤੇ ਬੇਲਾਰੂਸ ਦੇ ਐਥਲੀਟਾਂ ਤੇ ਪਾਬੰਦੀ ਲਾ ਦਿੱਤੀ ਹੈ। ਆਈਪੀਸੀ ਨੇ 24 ਘੰਟਿਆਂ ਦੇ ਅੰਦਰ ਆਪਣਾ ਫ਼ੈਸਲਾ ਬਦਲਿਆ, ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਹ ਕਹਿਣ ਤੋਂ ਬਾਅਦ ਕਿ ਰੂਸੀ ਅਤੇ ਬੇਲਾਰੂਸੀਅਨ ਖਿਡਾਰੀਆਂ ਨੂੰ ਉਹਨਾਂ ਖੇਡਾਂ ਵਿੱਚ ਨਿਰਪੱਖ ਖਿਡਾਰੀਆਂ ਵਜੋਂ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇਗੀ ਜਿਹਨਾਂ ਵਿੱਚ ਉਹ ਆਪਣੇ ਦੇਸ਼ ਦੇ ਨਾਮ ਅਤੇ ਝੰਡੇ ਦੀ ਵਰਤੋਂ ਨਹੀਂ ਕਰ ਸਕਦੇ ਹਨ।
ਇਸ ਫ਼ੈਸਲੇ ਲਈ ਆਈਪੀਸੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਆਈਪੀਸੀ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਹੈ ਕਿ ਬਹੁਤ ਸਾਰੇ ਖਿਡਾਰੀ ਰੂਸ ਜਾਂ ਬੇਲਾਰੂਸ ਦੇ ਖਿਲਾਫ਼ ਮੁਕਾਬਲਾ ਕਰਨ ਤੋਂ ਇਨਕਾਰ ਕਰਨਗੇ। ਆਈਪੀਸੀ ਦੇ ਪ੍ਰਧਾਨ ਐਂਡਰਿਊ ਪਰਸਨ ਨੇ ਕਿਹਾ ਕਿ, ਪਿਛਲੇ 12 ਘੰਟਿਆਂ ਵਿੱਚ ਕਈ ਮੈਂਬਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ।
ਉਹਨਾਂ ਕਿਹਾ ਕਿ ਜੇ ਅਸੀਂ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਨਾ ਕੀਤਾ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਆਈਪੀਸੀ ਨੇ ਹੁਣ ਫੁੱਟਬਾਲ, ਟ੍ਰੈਕ ਐਂਡ ਫੀਲਡ, ਬਾਸਕਟਬਾਲ, ਹਾਕੀ ਅਤੇ ਹੋਰ ਖੇਡਾਂ ਨੂੰ ਸ਼ਾਮਲ ਕਰ ਲਿਆ ਹੈ, ਜਿਸ ਨੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ, ਬੈਡਮਿੰਟਨ ਦੀ ਵਿਸ਼ਵ ਪ੍ਰਬੰਧਕ ਸਭਾ (BWF) ਨੇ ਵੀ ਮੰਗਲਵਾਰ ਨੂੰ ਰੂਸ ਅਤੇ ਬੇਲਾਰੂਸ ਨੂੰ ਅੰਤਰਰਾਸ਼ਟਰੀ ਟੂਰਨਾਮੈਂਟਾਂ ਤੋਂ ਮੁਅੱਤਲ ਕਰ ਦਿੱਤਾ ਸੀ। BWF ਨੇ ਪਹਿਲਾਂ ਹੀ ਰੂਸ ਅਤੇ ਬੇਲਾਰੂਸ ਵਿੱਚ ਸਾਰੇ ਪ੍ਰਵਾਨਿਤ ਟੂਰਨਾਮੈਂਟ ਰੱਦ ਕਰ ਦਿੱਤੇ ਸਨ।
