ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਚ ਧੱਕੇ ਪੈਣ ਦੀ ਘਟਨਾ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ

‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਧੱਕੇ ਮਾਰਨ ਦੀ ਘਟਨਾ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਵੀਰਵਾਰ ਨੂੰ ‘ਭਾਰਤ ਜੋੜੋ ਯਾਤਰਾ’ ਦੇ ਪਾਇਲ ਤੋਂ ਲੁਧਿਆਣਾ ਪੁੱਜਣ ਦੌਰਾਨ ਰਾਹ ਵਿੱਚ ਰਾਜਾ ਵੜਿੰਗ ਇੱਕ ਕਾਂਗਰਸੀ ਨੇਤਾ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰਾਨ ਸੁਰੱਖਿਆ ਮੁਲਾਜ਼ਮ ਵੱਲੋਂ ਉਹਨਾਂ ਨੂੰ ਧੱਕੇ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਰਾਜਾ ਵੜਿੰਗ ਵੱਲੋਂ ਵੀਰਵਾਰ ਸ਼ਾਮ ਨੂੰ ਹੀ ਆਪਣੇ ਫੇਸਬੁੱਕ ਪੇਜ਼ ਜ਼ਰੀਏ ਸਫ਼ਾਈ ਦਿੱਤੀ ਗਈ ਸੀ ਕਿ ‘ਭਾਰਤ ਜੋੜੋ ਯਾਤਰਾ’ ਨੂੰ ਕਾਮਯਾਬ ਕਰਨ ਲਈ ਜੋ ਵਰਕਰ 20 ਘੰਟੇ ਤੱਕ ਕੰਮ ਕਰ ਰਹੇ ਹਨ, ਉਹਨਾਂ ਦਾ ਹੱਥ ਫੜ੍ਹ ਕੇ ਰਾਹੁਲ ਗਾਂਧੀ ਨਾਲ ਮਿਲਾਉਣ ਤੋਂ ਉਹ ਪਿੱਛੇ ਨਹੀਂ ਹਟਣਗੇ, ਭਾਵੇਂ ਹੀ ਇਸ ਲਈ ਉਹਨਾਂ ਨੂੰ ਕਿੰਨੀ ਵਾਰ ਵੀ ਧੱਕੇ ਕਿਉਂ ਨਾ ਖਾਣੇ ਪੈਣ।
ਰਾਜਾ ਵੜਿੰਗ ਨੇ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਤੇ ਲੋਕਾਂ ਦੇ ਮੁੱਦੇ ਨੂੰ ਛੱਡ ਕੇ ਇਸ ਮਾਮਲੇ ਵਿੱਚ ਝੂਠੀ ਅਫ਼ਵਾਹ ਫੈਲਾਉਣ ਦਾ ਇਲਜ਼ਾਮ ਲਾਇਆ ਸੀ ਪਰ ਸ਼ੁੱਕਰਵਾਰ ਸਵੇਰੇ ਰਾਜਾ ਵੜਿੰਗ ਦਾ ਸਟੈਂਡ ਇਸ ਤੋਂ ਬਿਲਕੁਲ ਉਲਟਾ ਨਜ਼ਰ ਆਇਆ।