ਰਾਮ ਰਹੀਮ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਦੇ ਹੱਕ ’ਚ ਨਿੱਤਰੀ ਭਾਜਪਾ

ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਬਠਿੰਡਾ ਦੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਵੱਲੋਂ ਗੁਰਮੀਤ ਰਾਮ ਰਹੀਮ ਦੀ ਰਿਹਾਈ ਵਾਸਤੇ ਕੀਤੀ ਗਈ ਅਰਦਾਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਗ੍ਰੰਥੀ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਛੇੜਛਾੜ ਕਰਨ ਦਾ ਮਾਮਲਾ ਵੀ ਦਰਜ ਹੋ ਗਿਆ ਪਰ ਉੱਥੇ ਹੀ ਹੁਣ ਭਾਜਪਾ ਆਗੂ ਵਿਜੇ ਸਾਂਪਲਾ ਗ੍ਰੰਥੀ ਸਿੰਘ ਦੇ ਹੱਕ ‘ਚ ਨਿੱਤਰੇ ਹਨ।

ਉਹਨਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਦਾ ਹੱਕ ਹੈ। ਪਰ ਕੁੱਝ ਸਿਆਸੀ ਪਾਰਟੀਆਂ ਵੱਲੋਂ ਜਾਣਬੁੱਝ ਕੇ ਇਸ ਮੁੱਦੇ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਜੇ ਸਾਂਪਲਾ ਨੇ ਦਲਿਤ ਸਮਾਜ ਨਾਲ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਾਏ ਹਨ।
ਦੱਸ ਦਈਏ ਕਿ ਗ੍ਰੰਥੀ ਨੇ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁੱਖੀ ਦੀ ਰਿਹਾਈ ਲਈ ਅਰਦਾਸ ਵੀ ਕੀਤੀ। ਜਿਸ ਤੋਂ ਬਾਅਦ ਉਸ ਗ੍ਰੰਥੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ‘ਚ ਪੁਲਿਸ ਵੱਲੋਂ ਗ੍ਰੰਥੀ ਦਾ 24 ਮਈ ਤੱਕ ਰਿਮਾਂਡ ਲਿਆ ਗਿਆ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਉੱਧਰ ਇਸ ਮਾਮਲੇ ‘ਚ ਜਿੱਥੇ ਸਿੱਖ ਜਥੇਬੰਦੀਆਂ ਵਲੋਂ ਅਰਦਾਸ ਦੇ ਮਾਮਲੇ ਵਿਚ ਗ੍ਰੰਥੀ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਭਾਜਪਾ ਗ੍ਰੰਥੀ ਸਿੰਘ ਦੇ ਸਮਰਥਨ ਵਿਚ ਉਤਰੀ ਹੈ।
