ਰਾਜਾ ਵੜਿੰਗ ਐਕਸ਼ਨ ਮੋਡ ’ਚ, ਹਰ ਤਰ੍ਹਾਂ ਦਾ ਨਜਾਇਜ਼ ਕਬਜ਼ਾ ਹਟਾਉਣ ਦੇ ਦਿੱਤੇ ਆਦੇਸ਼

ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਵੱਲੋ ਪਹਿਲੀਂ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਕੁੱਝ ਅਹਿਮ ਵੱਡੇ ਫੈਸਲੇ ਲਏ ਗਏ। ਉਹਨਾਂ ਹਰ ਤਰ੍ਹਾਂ ਦਾ ਨਜਾਇਜ਼ ਕਬਜ਼ਾ ਆਗਾਮੀ ਦੋ ਦਿਨਾਂ ਵਿੱਚ ਹਟਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਟੈਕਸ ਡਿਫਾਲਟਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਉਣ ਦੇ ਹੁਕਮ ਵੀ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਹਨ।

ਇਸ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਡਾਂ ਅਤੇ ਬੱਸਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜੀ.ਐਮ. ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਦੱਸ ਦਈਏ ਕਿ ਰਾਜਾ ਵੜਿੰਗ ਵੱਲੋਂ ਆਪਣੇ ਫੇਸ ਬੁੱਕ ਪੇਜ਼ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਲਿਖਿਆ ਕਿ “ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਅਤੇ ਸੋਚਿਆ ਕਿਓ ਨਾ ਪੀਆਰਟੀਸੀ ਦੀ ਬੱਸ ਵਿੱਚ ਸਫਰ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਆਉਂਦੀਆਂ ਮੁਸਕਿਲਾਂ ਜਾਣ ਲਿਆ ਜਾਵੇ।
ਉਹਨਾਂ ਲਿਖਿਆ ਕਿ ਰਾਜਪੁਰੇ ਤੋਂ ਪਟਿਆਲ਼ਾ ਦਾ ਸਫਰ ਸਰਕਾਰੀ ਬੱਸ ਵਿੱਚ ਕਰਕੇ ਲੋਕਾਂ ਨਾਲ ਗੱਲ-ਬਾਤ ਕੀਤੀ ਅਤੇ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਸਮਝ ਕਿ ਉਨ੍ਹਾਂ ਦਾ ਹੱਲ ਜਲਦੀ ਤੋਂ ਜਲਦੀ ਕਰਵਾ ਸਕਾਂ। ਇਸ ਸਬੰਧੀ ਉਹਨਾਂ ਵੱਲੋਂ ਬੱਸ ਵਿੱਚ ਬੈਠਣ ਦੀਆਂ ਕੁੱਝ ਤਸਵੀਰਾਂ ਵੀ ਆਪਣੇ ਫੇਸਬੁੱਕ ਪੇਜ਼ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਪੰਜਾਬ ਭਵਨ ਵਿਖੇ ਸੂਬਾ ਪੱਧਰੀ ਰੀਵਿਊ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਪੰਜਾਬ ਰਾਜ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਰੱਲ ਕੇ ਵਿਭਾਗ ਦੀ ਆਮਦਨ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
