ਰਾਜਪਾਲ ਮਲਿਕ ਨੇ ਲਿਖੀ ਚਿੱਠੀ, ‘ਕਿਸਾਨਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ਼ ਨਾ ਕਰੇ ਕੇਂਦਰ ਸਰਕਾਰ’

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ਕਈ ਸੂਬਿਆਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਮੇਘਾਲਿਆ ਦੇ ਰਾਜਪਾਲ ਸਤਿਆਪਲ ਮਲਿਕ ਨੇ ਹਰਿਆਣਾ ਦੇ ਇਕ ਸੁਤੰਤਰ ਵਿਧਾਇਕ ਸੋਮਬੀਰ ਸਾਂਗਵਾਨ ਨੂੰ ਚਿੱਠੀ ਲਿਖੀ ਹੈ। ਉਹਨਾਂ ਇਸ ਚਿੱਠੀ ਵਿੱਚ ਕਿਹਾ ਕਿ, ‘ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਗ਼ਲਤ ਰਸਤੇ ’ਤੇ ਚਲ ਰਹੇ ਹਨ।

ਉਹ ਕਿਸਾਨਾਂ ਨੂੰ ਦਬਾਉਣ, ਡਰਾਉਣ ਅਤੇ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰਨ।’ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪਿਛਲੇ ਦਿਨਾਂ ਵਿੱਚ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ ਸਾਂਗਵਾਨ ਨੇ ਇਸ ਸਬੰਧੀ ਰਾਜਪਾਲ ਮਲਿਕ ਨੂੰ ਚਿੱਠੀ ਲਿਖੀ ਸੀ।
ਮਲਿਕ ਨੇ ਇਸ ਚਿੱਠੀ ਦਾ ਜਵਾਬ ਦਿੱਤਾ ਹੈ। ਉਹਨਾਂ ਇਸ ਚਿੱਠੀ ਵਿੱਚ ਪ੍ਰਧਾਨ ਮੰਤਰੀ ਨੂੰ ਕਿਹਾ ਕਿ, ‘ਉਹ ਕਿਸਾਨਾਂ ਨੂੰ ਖਾਲ੍ਹੀ ਹੱਥ ਵਾਪਸ ਨਾ ਭੇਜਣ।’ ਉਹਨਾਂ ਅੱਗੇ ਕਿਹਾ ਕਿ, ‘ਉਹਨਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਨਾਲ ਨਿਆਂ ਕਰਨ ਦੀ ਸਲਾਹ ਦਿੱਤੀ।
ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ। ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਹਲ ਕਰਦੇ ਹੋਏ ਉਹਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਮੈਂ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰੱਖਾਂਗਾ।’ ਉਹਨਾਂ ਅੱਗੇ ਲਿਖਿਆ ਕਿ, ‘ਮੈਂ ਤੁਹਾਨੂੰ ਅਤੇ ਤੁਹਾਡੀ ਖਾਪ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਸਹਿਯੋਗ ਦੇਣ ਤੋਂ ਪਿੱਛੇ ਨਹੀਂ ਹਟਾਂਗਾ।
ਮਈ ਦੇ ਪਹਿਲੇ ਹਫ਼ਤੇ ਵਿੱਚ ਮੈਂ ਦਿੱਲੀ ਪਹੁੰਚ ਰਿਹਾ ਹਾਂ ਅਤੇ ਸਬੰਧਿਤ ਸਾਰੇ ਲੀਡਰਾਂ ਨਾਲ ਮਿਲ ਕੇ ਕਿਸਾਨਾਂ ਦੇ ਪੱਖ ਵਿੱਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਦੇਸ਼ ਦੇ ਕਿਸਾਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਅਦਭੁਤ ਜੰਗ ਲੜੀ ਹੈ ਅਤੇ ਇਸ ਸੰਘਰਸ਼ ਵਿੱਚ 300 ਸਾਥੀਆਂ ਨੂੰ ਗੁਆ ਦਿੱਤਾ ਹੈ।’
