ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ‘ਸਕਿਊਰਿਟੀ’ ਛੱਡਣ ਦੀ ਦਿੱਤੀ ਨਸੀਹਤ

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਿਸ ਬਾਰੇ ਵਿਵਾਦਿਤ ਬਿਆਨ ਨੂੰ ਲੈ ਕੇ ਘੇਰਿਆ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਇੰਨੇ ਇਮਾਨਦਾਰ ਅਫ਼ਸਰ ਹਨ ਕਿ ਜੇ ਉਹ ਚਾਹੁਣ ਤਾਂ ਪੰਜਾਬ ਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣ।

ਉਹਨਾਂ ਨੇ ਨਵਜੋਤ ਸਿੱਧੂ ਨੂੰ ਚੈਲੰਜ ਕਰਦਿਆਂ ਕਿਹਾ ਕਿ, “ਨਵਜੋਤ ਸਿੱਧੂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਸਾਹਮਣੇ ਪੰਜਾਬ ਪੁਲਿਸ ਦੀ ਬੇਇਜ਼ਤੀ ਕੀਤੀ ਹੈ।” ਉਹਨਾਂ ਕਿਹਾ ਕਿ, “ਜੇ ਨਵਜੋਤ ਸਿੱਧੂ ਨੂੰ ਪੰਜਾਬ ਪੁਲਿਸ ਤੋਂ ਇੰਨੀ ਨਫ਼ਰਤ ਹੈ ਤਾਂ ਫਿਰ ਪੰਜਾਬ ਪੁਲਿਸ ਦੀ ਸਕਿਓਰਿਟੀ ਛੱਡ ਦੇਣ।”

ਚੱਢਾ ਨੇ ਕਿਹਾ ਕਿ, “ਉਹ ਪੂਰੇ ਪੰਜਾਬ ਵਿੱਚ ਘੁੰਮ ਕੇ ਦੇਖਣ, ਫਿਰ ਪਤਾ ਲੱਗੇਗਾ ਕਿ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਲਈ ਕਿੰਨਾ ਕੁ ਪਿਆਰ ਹੈ। ਕਾਂਗਰਸ ਸਰਕਾਰ ਨੇ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਮੁਆਫ਼ੀ ਦੇ ਕਾਬਲ ਨਹੀਂ ਹੈ।”
ਪੰਜਾਬ ਪੁਲਿਸ ਲਈ ਵੱਡੇ ਐਲਾਨ-
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਪੁਲਿਸ ਦੇ ਜਾਬਾਜ਼ ਸਿਪਾਹੀਆਂ ਨੂੰ ਸਨਮਾਨਜਨਕ ਨੌਕਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਬਣਨ ਤੇ ਪੰਜਾਬ ਪੁਲਿਸ ਤੋਂ ਸਿਰਫ਼ ਪੁਲਿਸ ਦਾ ਕੰਮ ਕਰਵਾਇਆ ਜਾਵੇਗਾ ਅਤੇ ਕੋਈ ਗੈਰ ਸਰਕਾਰੀ ਕੰਮ ਨਹੀਂ ਕਰਵਾਇਆ ਜਾਵੇਗਾ।
ਪੰਜਾਬ ਪੁਲਿਸ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇਗਾ ਤੇ ਮਹੀਨੇਵਾਰ ਭੱਤੇ ਮਿਲਣਗੇ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਘੰਟਿਆਂ ਨੂੰ ਵੀ ਰੇਗੂਲੇਟ ਕੀਤਾ ਜਾਵੇਗਾ।
ਸੂਬੇ ‘ਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਨ ‘ਤੇ ਪੰਜਾਬ ਪੁਲਸ ‘ਚੋਂ ਸਿਆਸੀ ਦਖ਼ਲ-ਅੰਦਾਜ਼ੀ ਬੰਦ ਕੀਤੀ ਜਾਵੇਗੀ ਅਤੇ ਪੰਜਾਬ ਪੁਲਸ ਦੇ ਅਫ਼ਸਰ ਬਿਨਾਂ ਰੋਕ-ਟੋਕ ਦੇ ਆਪਣਾ ਕੰਮ ਕਰ ਸਕਣਗੇ।
ਪੰਜਾਬ ਪੁਲਸ ਦੇ ਮੁਲਾਜ਼ਮ ਕਈ ਮਹੀਨੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਬਾਹਰ ਦੀ ਰੋਟੀ ਖਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵਜੋਤ ਸਿੱਧੂ ਵਰਗੇ ਨੇਤਾਵਾਂ ਦੀਆਂ ਗਾਲ੍ਹਾਂ ਵੀ ਖਾਣੀਆਂ ਪੈਂਦੀਆਂ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਪੁਲਸ ‘ਚ ਵੱਡੇ ਸੁਧਾਰ ਲਿਆਂਦੇ ਜਾਣਗੇ।
ਰਾਘਵ ਚੱਢਾ ਨੇ ਇਸ ਮੌਕੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਦੇ ਵੱਡੇ-ਵੱਡੇ ਮੰਤਰੀ, ਚੇਅਰਮੈਨ ਅਤੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਪੰਜਾਬ ‘ਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।
