ਰਾਕੇਸ਼ ਟਿਕੈਤ ਨੇ ਗਾਜ਼ੀਪੁਰ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਹਿ ਦਿੱਤੀ ਵੱਡੀ ਗੱਲ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਪਹੁੰਚੇ ਸਨ। ਸਪਾ ਵਰਕਰਾਂ ਨੇ ਰਾਕੇਸ਼ ਟਿਕੈਤ ਦਾ ਧੂਮ-ਧਾਮ ਨਾਲ ਸਵਾਗਤ ਕੀਤਾ। ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਸਰਕਾਰ ਵਾਪਸ ਲਵੇ ਅਤੇ ਐਮਐਸਪੀ ’ਤੇ ਠੋਸ ਕਾਨੂੰਨ ਬਣਾਵੇ। ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ, “ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਜੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਦੇਸ਼ ਵਿੱਚ ਵਪਾਰੀਆਂ ਦਾ ਕਬਜ਼ਾ ਹੋ ਜਾਵੇਗਾ। ਕਿਸਾਨੀ ਅੰਦੋਲਨ ਪਿੰਡਾਂ, ਖੇਤਾਂ, ਲੋਕਾਂ ਨਾਲ ਜੁੜਿਆ ਹੋਇਆ ਹੈ।” ਦਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਹਨਾਂ ਦੇ ਹਿੱਤ ਵਿੱਚ ਨਹੀਂ ਹਨ ਇਸ ਲਈ ਸਰਕਾਰ ਇਹਨਾਂ ਨੂੰ ਵਾਪਸ ਲਵੇ। ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਤੋਂ ਬਾਅਦ ਪੂਰਬੀ ਉੱਤਰ ਪ੍ਰਦੇਸ਼ ਅਤੇ ਇਸ ਨਾਲ ਲਗਦੇ ਬਿਹਾਰ ਅਤੇ ਝਾਰਖੰਡ ਦੇ ਇਲਾਕਿਆਂ ਵਿੱਚ ਵੀ ਪ੍ਰਚਾਰ ਕੀਤਾ।
ਉਹਨਾਂ ਨੇ ਇਸ ਅੰਦੋਲਨ ਨੂੰ ਹੋਰ ਫੈਲਾਉਣ ਲਈ ਪੂਰਵਾਂਚਲ ਅਤੇ ਉਸ ਦੇ ਨਾਲ ਲਗਦੇ ਬਿਹਾਰ ਦੇ ਹਿੱਸਿਆਂ ਵਿੱਚ ਮਹਾਂਪੰਚਾਇਤ ਕੀਤੀ। ਉਹਨਾਂ ਉੱਥੋਂ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਵਾਢੀ ਕਰ ਲੈਣ ਅਤੇ ਫਿਰ ਦਿੱਲੀ ਵੱਲ ਚਾਲੇ ਪਾਉਣ।
ਅਪਣੇ ਭਾਸ਼ਣ ਦੌਰਾਨ ਸਰਕਾਰ ਬਾਰੇ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੀ, ਜੇ ਸਰਕਾਰ ਉਹਨਾਂ ਨੂੰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਗੱਲ ਕਰਨ ਲਈ ਜ਼ਰੂਰ ਜਾਣਗੇ। ਕਿਸਾਨ ਆਗੂ ਬਾਦਲ ਸਰੋਜ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨ ਅੰਦੋਲਨ ਦੌਰਾਨ ਹੁਣ ਤਕ ਲਗਭਗ 300 ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾ ਰਹੀ ਹੈ।
