ਰਾਕੇਸ਼ ਟਿਕੈਤ ਦਾ ਐਲਾਨ, ਚਾਹੇ ਕਰਫਿਊ ਹੋਵੇ ਜਾਂ ਲਾਕਡਾਊਨ, ਕਿਸਾਨੀ ਅੰਦੋਲਨ ਜਾਰੀ ਰਹੇਗਾ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦੋ ਟੁਕ ਸਣਾਉਂਦੇ ਹੋਏ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ ਕਿਸਾਨ ਅੰਦੋਲਨ ਨਹੀਂ ਰੁਕੇਗਾ। ਕੋਰੋਨਾ ਦੇ ਨਾਮ ’ਤੇ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ।

ਉਹਨਾਂ ਅੱਗੇ ਕਿਹਾ ਕਿ ਕੋਰੋਨਾ ਦੇ ਨਾਮ ’ਤੇ ਸਰਕਾਰ ਕਿਸਾਨਾਂ ਨੂੰ ਡਰਾਉਣਾ ਬੰਦ ਕਰੇ। ਕਿਸਾਨਾਂ ਦਾ ਅੰਦੋਲਨ ਸ਼ਾਹੀਨ ਬਾਗ਼ ਨਹੀਂ ਹੈ। ਦੇਸ਼ ਵਿੱਚ ਭਾਵੇਂ ਕਰਫਿਊ ਲਗੇ ਜਾਂ ਲਾਕਡਾਊਨ, ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ। ਰਾਕੇਸ਼ ਟਿਕੈਤ ਨੇ ਦਸਿਆ ਕਿ ਉਹ ਅੱਜ ਹਿਮਾਚਲ ਪ੍ਰਦੇਸ਼ ਜਾ ਰਹੇ ਹਨ ਕਿਉਂ ਕਿ ਉੱਥੇ ਵੱਡੀ ਗਿਣਤੀ ਵਿੱਚ ਬਾਗ਼ਵਾਨੀ ਵਾਲੇ ਕਿਸਾਨ ਹਨ।
ਇੱਥੋਂ ਉਹ ਕੱਲ੍ਹ ਬਿਹਾਰ ਜਾਣਗੇ ਜਿੱਥੇ ਕਿਸਾਨਾਂ ਦੀ ਪੰਚਾਇਤ ਹੋਵੇਗੀ। ਟਿਕੈਤ ਨੇ ਅਲਵਰ ਵਿੱਚ ਹੋਏ ਹਮਲੇ ’ਤੇ ਕਿਹਾ ਕਿ ਉਹ ਹਮਲਾ ਭਾਜਪਾ ਨੇ ਕਰਵਾਇਆ ਸੀ ਪਰ ਉਹ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਦਸ ਦਈਏ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਸਤੰਬਰ ਮਹੀਨੇ ਪਾਸ ਕੀਤੇ ਸਨ।
ਇਹਨਾਂ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਨਾਲ ਹੀ ਸਾਰੀਆਂ ਫ਼ਸਲਾਂ ਦੇ ਐਮਐਸਪੀ ਲਾਗੂ ਕੀਤੀ ਜਾਵੇ।
