ਰਵਨੀਤ ਬਿੱਟੂ ਖਿਲਾਫ਼ ਭਾਜਪਾ ਨੇ ਕਾਰਵਾਈ ਦੀ ਕੀਤੀ ਮੰਗ, ਟੀਮ ਨੇ ਕੰਮ ਵਿੱਚ ਵਿਘਨ ਪਾਉਣ ਸਬੰਧੀ ਕੀਤੀ ਸ਼ਿਕਾਇਤ

 ਰਵਨੀਤ ਬਿੱਟੂ ਖਿਲਾਫ਼ ਭਾਜਪਾ ਨੇ ਕਾਰਵਾਈ ਦੀ ਕੀਤੀ ਮੰਗ, ਟੀਮ ਨੇ ਕੰਮ ਵਿੱਚ ਵਿਘਨ ਪਾਉਣ ਸਬੰਧੀ ਕੀਤੀ ਸ਼ਿਕਾਇਤ

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰ ਸਮੇਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿਜੀਲੈਂਸ ਟੀਮ ਨਾਲ ਬਹਿਸ-ਬਾਜ਼ੀ ਕੀਤੀ ਸੀ। ਇਸ ਬਹਿਸ-ਬਾਜ਼ੀ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਰਵਨੀਤ ਬਿੱਟੂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੰਸਦ ਮੈਂਬਰ ਰਵਨੀਤ ਨੂੰ ਅਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ।

ਲੋਕਾਂ ਵੱਲੋਂ ਚੁਣੇ ਗਏ ਲੀਡਰ ਹੋਣ ਦੇ ਨਾਤੇ ਉਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਲਈ ਬਿੱਟੂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਦੱਸ ਦਈਏ ਕਿ ਰਵਨੀਤ ਬਿੱਟੂ ਖਿਲਾਫ਼ ਵਿਜੀਲੈਂਸ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਜਾਂਚ ਹੋ ਰਹੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਬਿੱਟੂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕੰਪਲੇਟ ਕੀਤੀ ਗਈ ਹੈ ਜਿਸ ਦੀ ਪੁਸ਼ਟੀ ਜੁਆਇੰਟ ਪੁਲਿਸ ਕਮਿਸ਼ਨਰ ਨਰਿੰਦਰ ਭਾਰਗਵ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਿੱਟੂ ਤੇ ਵਿਜੀਲੈਂਸ ਟੀਮ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਹ ਇੱਕ ਅਧਿਕਾਰੀ ਨੂੰ ਚੋਰ ਕਹਿ ਰਹੇ ਹਨ। ਇਸ ਤੇ ਬਿੱਟੂ ਨੇ ਸਫ਼ਾਈ ਦਿੰਦੇ ਕਿਹਾ ਕਿ ਅਧਿਕਾਰੀ ਵਰਦੀ ਤੋਂ ਬਿਨਾਂ ਸੀ ਅਤੇ ਉਹਨਾਂ ਨੇ ਕੋਈ ਆਈ ਕਾਰਡ ਵੀ ਨਹੀਂ ਦਿਖਾਇਆ ਸੀ ਜਿਸ ਕਾਰਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਸ਼ਖਸ ਕੌਣ ਹੈ।

Leave a Reply

Your email address will not be published.