ਰਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸੁਖਬੀਰ ’ਤੇ ਲਾਏ ਵੱਡੇ ਇਲਜ਼ਾਮ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਅਦਬੀ ਮਾਮਲਿਆਂ ਵਿੱਚ ਭਗੌੜੇ ਡੇਰਾ ਪ੍ਰੇਮੀਆਂ ਨਾਲ ਮੁਲਾਕਾਤਾਂ ਕਰਦੇ ਰਹੇ ਹਨ। ਇਹ ਇਲਜ਼ਾਮ ਅਕਾਲੀ ਦਲ ਇਸਤਰੀ ਵਿੰਗ ਦੀ ਸਲਾਹਕਾਰ ਰਜਿੰਦਰ ਕੌਰ ਮੀਮਸਾ ਨੇ ਲਾਏ ਹਨ। ਮੀਮਸਾ ਨੇ ਅੱਜ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਸਤੀਫਾ ਦਿੰਦਿਆਂ ਹੀ ਮੀਮਸਾ ਨੇ ਸੁਖਬੀਰ ਬਾਦਲ ‘ਤੇ ਬੇਅਦਬੀਆਂ ਨੂੰ ਲੈ ਕੇ ਵੱਡੇ ਇਲਜ਼ਾਮ ਲਾਏ ਹਨ।

ਮੀਮਸਾ ਨੇ ਇਲਜ਼ਾਮ ਲਾਇਆ ਕਿ ਸੁਖਬੀਰ ਬਾਦਲ ਦੀ ਦਿੱਲੀ ਰਿਹਾਇਸ਼ ਤੇ ਭਗੌੜੇ ਡੇਰਾ ਪ੍ਰੇਮੀ ਸੁਖਬੀਰ ਬਾਦਲ ਨੂੰ ਮਿਲਦੇ ਰਹੇ ਹਨ। ਉਹਨਾਂ ਕਿਹਾ ਕਿ, 2017 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਉਹ ਸੁਖਬੀਰ ਬਾਦਲ ਦੇ ਘਰ ਪਹੁੰਚੇ ਤਾਂ ਉਥੇ ਡੇਰਾ ਸਿਰਸਾ ਨਾਲ ਸਬੰਧਤ ਦੋ ਡੇਰਾ ਪ੍ਰੇਮੀ ਜਿਨ੍ਹਾਂ ਵਿੱਚ ਡੇਰਾ ਸੱਚਾ ਸੌਦਾ ਦੀ ਛੇ ਮੈਂਬਰੀ ਕਮੇਟੀ ਦਾ ਮੈਂਬਰ ਹਰਸ਼ ਧੂਰੀ ਅਤੇ ਜਗਜੀਤ ਸਿੰਘ ਮੁੱਖੀ ਪ੍ਰਬੰਧਕੀ ਵਿਭਾਗ ਡੇਰਾ ਸੱਚਾ ਸੌਦਾ ਸਿਰਸਾ ਪਹਿਲਾਂ ਤੋਂ ਮੌਜ਼ੂਦ ਸਨ।
ਇਸ ਦੌਰਾਨ ਮੀਮਸਾ ਨੇ ਕੁੱਝ ਫੋਟੋਆਂ ਦਿਖਾਉਂਦਿਆਂ ਕਈ ਵੱਡੇ ਖੁਲਾਸੇ ਵੀ ਕੀਤੇ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਡੇਰਾ ਪ੍ਰੇਮੀਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ। ਮੀਮਸਾ ਨੇ ਇਲਜ਼ਾਮ ਲਾਇਆ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੇ ਮੁੜ ਤੋਂ ਇਨ੍ਹਾਂ ਭਗੌੜੇ ਡੇਰਾ ਪ੍ਰੇਮੀਆਂ ਨਾਲ ਮੀਟਿੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ 2015 ਤੋਂ 2017 ਤੱਕ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਤੇ ਇਨਾਂ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਪਹਿਲਾਂ ਹੀ ਭਗੌੜੇ ਕਰਾਰ ਦੇ ਦਿੱਤਾ ਸੀ ਤਾਂ ਫਿਰ ਸੁਖਬੀਰ ਬਾਦਲ ਇਨ੍ਹਾਂ ਡੇਰਾ ਪ੍ਰੇਮੀਆਂ ਲੂੰ ਕਿਉਂ ਮਿਲਦੇ ਰਹੇ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਇਹ ਸਾਫ ਕਰਨ ਕਿ ਭਗੌੜੇ ਹਰਸ਼ ਧੂਰੀ ਨਾਲ ਉਨਾਂ ਦੇ ਕੀ ਸਬੰਧ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਰਜਿੰਦਰ ਕੌਰ ਮੀਮਸਾ ਦੇ ਕਾਂਗਰਸ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਸੀ। ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਸੀ ਕਿ ਸੁਖਜਿੰਦਰ ਰੰਧਾਵਾ ਅਤੇ ਸਾਬਕਾ ਆਈਜੀ ਰਣਬੀਰ ਖੱਟੜਾ ਨੇ ਹੀ ਮੀਮਸਾ ਨੂੰ ਸੁਖਬੀਰ ਬਾਦਲ ਅਤੇ ਡੇਰਾ ਪ੍ਰੇਮੀਆਂ ਨਾਲ ਮਿਲੇ ਹੋਣ ਦੀ ਕਹਾਣੀ ਤਿਆਰ ਕਰ ਕੇ ਦਿੱਤੀ ਹੈ ਤਾਂ ਕਿ ਸੁਖਬੀਰ ਬਾਦਲ ਨੂੰ ਬੇਅਦਬੀ ਦੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਸਕੇ।
