ਯੂਪੀ ’ਚ ਚੌਥੇ ਪੜਾਅ ਦੀਆਂ ਚੋਣਾਂ ਲਈ ਅੱਜ ਅਮਿਤ ਸ਼ਾਹ ਸਮੇਤ ਹੋਰ ਲੀਡਰ ਕਰਨਗੇ ਤਾਬੜਤੋੜ ਰੈਲੀਆਂ

ਉੱਤਰ ਪ੍ਰਦੇਸ਼ ਵਿੱਚ ਤਿੰਨ ਪੜਾਵਾਂ’ਤੇ ਵੋਟਿੰਗ ਹੋ ਚੁੱਕੀ ਹੈ। ਅੱਜ ਸ਼ਾਮ 6 ਵਜੇ ਤੱਕ ਚੌਥੇ ਪੜਾਅ ਦਾ ਚੋਣ ਪ੍ਰਚਾਰ ਵੀ ਰੁਕ ਜਾਵੇਗਾ। ਯੂਪੀ ਦੇ ਚੌਥੇ ਪੜਾਅ ਵਿੱਚ 9 ਜ਼ਿਲਿਆਂ ਦੀਆਂ 60 ਵਿਧਾਨ ਸਭਾ ਸੀਟਾਂ ਤੇ 23 ਫਰਵਰੀ ਨੂੰ ਵੋਟਿੰਗ ਹੋਵੇਗੀ। ਇਹ 9 ਜ਼ਿਲ੍ਹੇ ਹਨ, ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਲਖਨਊ, ਉਨਾਵ, ਰਾਇਬਰੇਲੀ, ਫਤਿਹਪੁਰ ਅਤੇ ਬਾਂਦਾ।

ਪ੍ਰਚਾਰ ਦੇ ਮੈਦਾਨ ਵਿੱਚ ਅੱਜ ਭਾਜਪਾ ਵੱਲੋਂ ਅਮਿਤ ਸ਼ਾਹ ਅਤੇ ਯੋਗੀ ਅਦਿਤਿਆਨਾਥ ਹੋਣਗੇ ਤੇ ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ ਅਤੇ ਬੀਐਸਪੀ ਲਈ ਮਾਇਆਵਤੀ ਵੀ ਅੱਜ ਪ੍ਰਚਾਰ ਕਰਨਗੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸ ਲਈ ਪ੍ਰਿਅੰਕਾ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵੀ ਮੰਚ ਤੋਂ ਵੋਟਰਾਂ ਨੂੰ ਸੰਬੋਧਿਤ ਕਰਦੇ ਨਜ਼ਰ ਆਉਣਗੇ।
ਭਾਜਪਾ ਚੋਣ ਪ੍ਰਚਾਰ ਲਈ ਅੱਜ ਅਮਿਤ ਸ਼ਾਹ ਨਾਲ ਸੀਐਮ ਯੋਗੀ ਵੀ ਤਾਬੜਤੋੜ 5 ਜਨਸਭਾ ਨੂੰ ਸੰਬੋਧਨ ਕਰਨਗੇ। ਸੀਐਮ ਯੋਗੀ ਹਰਦੋਈ, ਰਾਇਬਰੇਲੀ, ਲਖਨਊ ਇਹਨਾਂ ਤਿੰਨ ਜ਼ਿਲ੍ਹਿਆਂ ਵਿੱਚ 5 ਰੈਲੀਆਂ ਨੂੰ ਸੰਬੋਧਿਤ ਕਰਨਗੇ। ਐਸਪੀ ਪ੍ਰਧਾਨ ਅਖਿਲੇਸ਼ ਯਾਦਵ ਅੱਜ ਹਰਦੋਈ, ਰਾਇਬਰੇਲੀ, ਸੁਲਤਾਨਪੁਰ ਅਤੇ ਅਮੇਠੀ ਵਿੱਚ ਵੋਟਰਾਂ ਨੂੰ ਮਿਲਣਗੇ। ਬੀਐਸਪੀ ਪ੍ਰਧਾਨ ਮਾਇਆਵਤੀ ਵੀ ਅੱਜ ਦੁਪਹਿਰ ਨੂੰ ਰੈਲੀ ਕਰਨਗੇ। ਇਹ ਰੈਲੀ ਪ੍ਰਯਾਗਰਾਜ ਦੇ ਕੇਪੀ ਇੰਟਰ ਕਾਲਜ ਮੈਦਾਨ ਵਿੱਚ ਹੋਵੇਗੀ।
