ਯੂਕ੍ਰੇਨ ’ਚ ਫਸੇ 1895 ਵਿਅਕਤੀਆਂ ਦਾ ਡਾਟਾ ਵਿਦੇਸ਼ ਮੰਤਰਾਲੇ ਨੂੰ ਭੇਜਿਆ, ਭਗਵੰਤ ਮਾਨ ਨੇ ਦਿੱਤੀ ਜਾਣਕਾਰੀ

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਯੂਕ੍ਰੇਨ ਵਿੱਚ ਫਸੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿਅਕਤੀਆਂ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਂਕੜੇ ਹੀ ਲੋਕਾਂ ਨੇ ਆਪਣਾ ਪਾਸਪੋਰਟ ਤੇ ਟੈਲੀਫੋਨ ਨੰਬਰ ਭੇਜੇ ਹਨ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਯੂਕ੍ਰੇਨ ਵਿੱਚ ਫਸੇ 1895 ਵਿਅਕਤੀਆਂ ਦੇ ਪਾਸਪੋਰਟ ਤੇ ਫੋਨ ਨੰਬਰ ਸਾਡੇ ਕੋਲ ਪਹੁੰਚ ਚੁੱਕੇ ਹਨ। ਇਹ ਸਾਰਾ ਡਾਟਾ ਅਸੀਂ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤਾ ਹੈ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਹੈ ਕਿ ਹੰਗਰੀ ਤੇ ਰੋਮਾਨੀਆ ਰਾਹੀਂ ਸਭ ਨੂੰ ਆਪਣੇ ਦੇਸ਼ ਭਾਰਤ ਵਾਪਸ ਪਹੁੰਚਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਯੂਕਰੇਨ ਵਿੱਚ ਫਸੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸਾਰੇ ਵਿਅਕਤੀ ਸੁੱਖ-ਸ਼ਾਂਤੀ ਨਾਲ ਸਹੀ-ਸਲਾਮਤ ਆਪੋ-ਆਪਣੇ ਘਰਾਂ ਵਿੱਚ ਪੁੱਜ ਜਾਣ। ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਵੀ ਭਾਰਤੀ ਨਾਗਰਿਕਾਂ ਨੂੰ ਭਾਰਤ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
