ਯੂਕ੍ਰੇਨ ‘ਚ ਫਸੇ ਕਪੂਰਥਲਾ ਦੇ 21 ਵਿਦਿਆਰਥੀ, ਮਾਪਿਆਂ ਦੀ ਵਧੀ ਚਿੰਤਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਕਰੇਨ ਵਿੱਚ ਫਸੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਥਾਪਤ ਕੀਤੇ ਹੈਲਪ ਡੈਸਕਾਂ ਰਾਹੀਂ ਉੱਥੇ ਫਸੇ 21 ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ 01822-292001 ਤੋਂ ਇਲਾਵਾ ਫਗਵਾੜਾ ਦੇ ਕੰਟਰੋਲ ਰੂਮ ਨੰਬਰ 01824-260201, ਸੁਲਤਾਨਪੁਰ ਲੋਧੀ ਦੇ 01828-222525, ਭੁਲੱਥ ਦੇ 01822-244202 ਹੈਲਪਲਾਈਨ ਉੱਪਰ ਪ੍ਰਾਪਤ ਜਾਣਕਾਰੀ ਰਾਹੀਂ 21 ਵਿਦਿਆਰਥੀਆਂ ਦਾ ਡਾਟਾ ਇਕੱਤਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਨਾਲ ਹੋਈ ਮੀਟਿੰਗ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਤੁਰੰਤ ਸਾਂਝਾ ਕੀਤਾ ਗਿਆ ਹੈ ਤਾਂ ਜੋ ਉੱਥੇ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਸਕੇ। ਉੱਥੇ ਫਸੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਜਿਸ ਕਰਕੇ ਉੱਥੇ ਫਸੇ ਵਿਦਿਆਰਥੀ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਨਾਲ ਰਾਬਤੇ ਤੋਂ ਬਿਨਾਂ ਆਪਣਾ ਵਰਤਮਾਨ ਸਥਾਨ ਨਾ ਬਦਲਣ।
ਉਹਨਾਂ ਕਿਹਾ ਕਿ ਵਿਦਿਆਰਥੀ ਯੂਕ੍ਰੇਨ ਦੇ ਨੇੜਲੇ ਦੇਸ਼ਾਂ ਦੀਆਂ ਸਰਹੱਦਾਂ ਵੱਲ ਭਾਰਤੀ ਹਾਈ ਕਮਿਸ਼ਨ ਨਾਲ ਤਾਲਮੇਲ ਤੋਂ ਬਿਨਾਂ ਨਾ ਜਾਣ। ਪੰਜਾਬ ਸਰਕਾਰ ਵੱਲੋਂ 24 ਘੰਟੇ ਕੰਮ ਕਰਨ ਵਾਲੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਨੰਬਰ 1100 ਪੰਜਾਬ ਲਈ ਅਤੇ 91-172-4111905 ਵਿਦੇਸ਼ ਵਾਸਤੇ ਸੰਪਰਕ ਵੀ ਕਰ ਸਕਦੇ ਹਨ।
ਬੱਚਿਆਂ ਲਈ ਪ੍ਰੇਸ਼ਾਨ ਮਾਪਿਆਂ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣਾ ਸੀ ਪਰ ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਡੀਸੀ ਦਫ਼ਤਰ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਿਆ ਜਿਸ ਤੋਂ ਬਾਅਦ ਪਰਿਵਾਰਾਂ ਨੂੰ ਬੇਰੰਗ ਹੀ ਵਾਪਸ ਪਰਤਣਾ ਪਿਆ।
